ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਾ ਰਾਫਾਲ ਹਾਸਲ ਕੀਤਾ
ਮੇਰੀਨੇਕ-ਮੰਗਲਵਾਰ ਨੂੰ ਦਸਹਿਰੇ ਵਾਲੇ ਦਿਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਭਾਰਤੀ ਹਵਾਈ ਸੈਨਾ ਲਈ ਪਹਿਲਾ ਅਤਿ-ਅਧੁਨਿਕ ਲੜਾਕੂ ਜਹਾਜ਼ ਰਾਫਾਲ ਹਾਸਲ ਕਰ ਲਿਆ ਹੈ। ਭਾਰਤ ਨੇ ਇਸ ਤਰ੍ਹਾਂ ਦੇ 36 ਜਹਾਜ਼ ਫਰਾਂਸ ਤੋਂ ਖਰੀਦੇ ਹਨ। ਇਸ ਮੌਕੇ ਰੱਖਿਆ ਮੰਤਰੀ ਨੇ ਸ਼ਸਤਰ ਪੂਜਾ ਵੀ ਕੀਤੀ। ਰਾਫਾਲ ਦੀ ਨਿਰਮਾਤਾ ਕੰਪਨੀ ਦਾਸੋ ਦੇ ਮੁੱਖ ਟਿਕਾਣੇ ੳੱਤੇ ਰਾਫਾਲ ਹਾਸਲ ਕਰਨ ਦੀ ਅਹਿਮ ਰਸਮ ਮੌਕੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਵੀ ਸ਼ਾਮਲ ਹੋਏ।
ਇਸ ਵਿਸ਼ੇਸ ਮੌਕੇ ਰੱਖਿਆ ਭਾਰਤ ਦੇ ਮੰਤਰੀ ਰਾਜਨਾਥ ਸਿੰਘ ਨੇ ਸ਼ਸਤਰ ਪੂਜਾ ਕਰਦਿਆਂ ਭਾਰਤ ਦੇ ਸੀਨੀਅਰ ਸੈਨਾ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨਵੇਂ ਰਾਫਾਲ ਦੀ ਉਡਾਣ ਤੋਂ ਪਹਿਲਾਂ ਜਹਾਜ਼ ਨੂੰ ਤਿਲਕ ਲਾਇਆ ਅਤੇ ਫੁੱਲ ਤੇ ਨਾਰੀਅਲ ਭੇਟ ਕੀਤਾ। ਹਾਜ਼ਰੀਨ ਨੂੰ ਹਿੰਦੀ ਵਿੱਚ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਦੁਨੀਆਂ ਦੀ ਚੌਥੀ ਵੱਡੀ ਹਵਾਈ ਸੈਨਾ ਹੈ ਅਤੇ ਰਾਫਾਲ ਲੜਾਕੂ ਜਹਾਜ਼ ਦੇ ਸ਼ਾਮਲ ਹੋਣ ਨਾਲ ਹਵਾਈ ਸੈਨਾ ਦਾ ਮਿਆਰ ਹੋਰ ਉੱਚਾ ਹੋਵੇਗਾ ਅਤੇ ਇਸ ਦੀ ਕਾਰਜਕੁਸ਼ਲਤਾ ਅਤੇ ਸਮਰੱਥਾ ਵਿੱਚ ਵਿਸ਼ੇਸ਼ ਤੌਰ ’ਤੇ ਵਾਧਾ ਹੋਵੇਗਾ । ਇਹ ਖਿੱਤੇ ਵਿੱਚ ਸਥਿਰਤਾ ਅਤੇ ਸ਼ਾਂਤੀ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਫਰੈਂਚ ਭਾਸ਼ਾ ਦੇ ਸ਼ਬਦ ਰਾਫਾਲ ਦਾ ਹਿੰਦੀ ਵਿੱਚ ਮਤਲਬ ਆਂਧੀ ਜਾਂ ਤੂਫ਼ਾਨ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਲੜਾਕੂ ਜਹਾਜ਼ ਆਪਣੇ ਨਾਂਅ ਨੂੰ ਬਰਕਰਾਰ ਰੱਖੇਗਾ। ਰੱਖਿਆ ਮੰਤਰੀ ਨੇ ਪੈਰਿਸ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਰੱਖਿਆ ਵਾਰਤਾ ਦੇ ਹਵਾਲੇ ਨਾਲ ਕਿਹਾ ਕਿ ਅੱਜ ਦਾ ਦਿਨ ਭਾਰਤ ਅਤੇ ਫਰਾਂਸ ਵਿਚਕਾਰ ਦੁਵੱਲੇ ਰੱਖਿਆ ਸਹਿਯੋਗ ਲਈ ਅਤਿ ਅਹਿਮ ਹੈ। ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਦੇ ਨਾਲ ਸਾਨੂੰ ਆਪਣੇ ਟੀਚੇ ਹਾਸਲ ਕਰਨ ਦੇ ਲਈ ਹੌਸਲਾ ਮਿਲਦਾ ਹੈ।