ਲਾਇਸੈਂਸੀ ਹਥਿਆਰ ਘਟਾਉਣ ਬਾਰੇ ਪ੍ਰਧਾਨ ਮੰਤਰੀ ਦਖਲ ਦੇਣ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸੰਵੇਦਨਸ਼ੀਲ ਸੂਬਾ ਅਤੇ ਇਸ ਦੇ ਗੜਬੜ ਵਾਲੇ ਇਤਿਹਾਸ ਦੇ ਮੱਦੇਨਜ਼ਰ ਪੰਜਾਬ ਵਿੱਚ ਅਸਲਾ ਲਾਇਸੈਂਸ ਉਪਰ ਤਿੰਨ ਹਥਿਆਰ ਰੱਖਣ ਦੀ ਗਿਣਤੀ ਘਟਾ ਕੇ ਇੱਕ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ। ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਰਮਜ਼ ਐਕਟ-1959 ਵਿੱਚ ਸੋਧ ਕਰਨ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਦੀ ਘੋਖ ਕਰਨ ਲਈ ਆਖਿਆ ਹੈ ਕਿਉਂ ਜੋ ਇਸ ਨਾਲ ਹਥਿਆਰਾਂ ਦੀ ਗਿਣਤੀ ਤਿੰਨ ਤੋਂ ਘਟ ਕੇ ਇੱਕ ਰਹਿ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੁਝ ਸੂਬੇ ਇੱਕ ਲਾਇਸੈਂਸ ’ਤੇ ਰੱਖੇ ਜਾ ਸਕਣ ਵਾਲੇ ਹਥਿਆਰਾਂ ਦੀ ਗਿਣਤੀ ਘਟਾਉਣ ਦੇ ਇੱਛੁਕ ਹਨ ਤਾਂ ਉਨ੍ਹਾਂ ਸੂਬਿਆਂ ਨੂੰ ਇਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਇਸ ਨਾਲ ਬਾਕੀ ਸੂਬਿਆਂ ਪ੍ਰਤੀ ਕੋਈ ਪੱਖਪਾਤ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਕਰਤਾਰਪੁਰ ਲਾਂਘਾ ਖੋਲ੍ਹਣ ਮੌਕੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਨਾਲ ਨਿੱਜੀ ਤੌਰ ’ਤੇ ਇਹ ਮੁੱਦਾ ਚੁੱਕਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਸਤਾਵਿਤ ਸੋਧਾਂ ਵਿੱਚੋਂ ਬਹੁਤੀਆਂ ਸੋਧਾਂ ਨਾਲ ਸਹਿਮਤ ਹੈ ਪਰ ਇੱਕ ਲਾਇਸੈਂਸ ’ਤੇ ਹਥਿਆਰਾਂ ਦੀ ਗਿਣਤੀ ਤਿੰਨ ਤੋਂ ਘਟਾ ਕੇ ਇੱਕ ਕਰਨ ਸਬੰਧੀ ਸੂਬੇ ਦੇ ਕਈ ਸ਼ੰਕੇ ਹਨ। ਕੈਪਟਨ ਮੰਨਣਾ ਹੈ ਕਿ ਇੱਕ ਲਾਇਸੈਂਸ ’ਤੇ ਹਥਿਆਰਾਂ ਦੀ ਗਿਣਤੀ ਤਿੰਨ ਤੋਂ ਘਟਾ ਕੇ ਇੱਕ ਕਰਨ ਦੀ ਰੋਕ ਨਾਲ ਅਪਰਾਧ ਦਰ ਘਟਾਉਣ ’ਚ ਵਿੱਚ ਬਹੁਤੀ ਮਦਦ ਨਹੀਂ ਮਿਲ ਸਕਦੀ।
ਇਸ ਦੇ ਉਲਟ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਹਥਿਆਰਾਂ ਜਮ੍ਹਾਂ ਕਰਵਾਉਣ ਦੀ ਅਸੁਵਿਧਾ ਹੋਵੇਗੀ ਅਤੇ ਕਿਸਾਨ ਭਾਈਚਾਰਾ ਵੀ ਫ਼ਸਲਾਂ ਦੀ ਰਾਖੀ ਲਈ ਹਥਿਆਰਾਂ ਦੇ ਸਹਾਰੇ ਤੋਂ ਵਾਂਝਾ ਹੋ ਜਾਵੇਗਾ।