ਲਾਲ ਕਿਲ੍ਹਾ ਹਿੰਸਾ: ਚਾਰਜਸ਼ੀਟ ’ਤੇ ਨਜ਼ਰਸਾਨੀ ਦਾ ਅਮਲ 17 ਜੂਨ ਤੱਕ ਅੱਗੇ ਪਿਆ

ਲਾਲ ਕਿਲ੍ਹਾ ਹਿੰਸਾ: ਚਾਰਜਸ਼ੀਟ ’ਤੇ ਨਜ਼ਰਸਾਨੀ ਦਾ ਅਮਲ 17 ਜੂਨ ਤੱਕ ਅੱਗੇ ਪਿਆ

ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਅਦਾਕਾਰ ਦੀਪ ਸਿੱਧੂ ਤੇ 15 ਹੋਰਨਾਂ ਖ਼ਿਲਾਫ਼ ਦਾਇਰ ਕੀਤੀ ਗਈ ਚਾਰਜਸ਼ੀਟ ’ਤੇ ਨਜ਼ਰਸਾਨੀ ਕੀਤੇ ਜਾਣ ਦੇ ਆਪਣੇ ਹੁਕਮਾਂ ਨੂੰ 17 ਜੂਨ ਤੱਕ ਮੁਲਤਵੀ ਕਰ ਦਿੱਤਾ ਹੈ। ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੇ ਕਿਹਾ ਕਿ ਮਹਾਮਾਰੀ ਰੋਗ ਐਕਟ, ਆਫ਼ਤ ਪ੍ਰਬੰਧਨ ਐਕਟ ਤੇ ਆਰਮਜ਼ ਐਕਟ ਤਹਿਤ ਪ੍ਰਵਾਨਗੀ ਦੀ ਸਬੰਧਤ ਅਧਿਕਾਰੀਆਂ ਤੋਂ ਅਜੇ ਵੀ ਉਡੀਕ ਹੈ। ਪੁਲੀਸ ਨੂੰ ਜਾਂਚ ਦੇ ਅਮਲ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦੇਣ ਵਾਲੇ ਜੱਜ ਨੇ ਮੁਲਜ਼ਮਾਂ ਨੂੰ ਚਾਰਜਸ਼ੀਟ ਦੀ ਕਾਪੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੂੰ ਅਦਾਲਤ ਵਿੱਚ ਅੰਤਮ ਰਿਪੋਰਟ ਦਾ ਮੁਆਇਨਾ ਕਰਨ ਦੀ ਆਗਿਆ ਦਿੱਤੀ ਗਈ ਹੈ।
ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਉਨ੍ਹਾਂ ਵੱਲੋਂ ਆਰੰਭ ਦਿੱਤੀ ਗਈ ਹੈ ਤੇ ਜਲਦੀ ਹੀ ਪੂਰਕ ਚਾਰਜਸ਼ੀਟ ਦਾਖਲ ਕੀਤੀ ਜਾਵੇਗੀ। 26 ਜਨਵਰੀ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਇੱਕ ਟਰੈਕਟਰ ਰੈਲੀ ਦੌਰਾਨ ਪੁਲੀਸ ਮੁਲਾਜ਼ਮਾਂ ਨਾਲ ਝੜਪ ਕੀਤੀ ਤੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਗਏ। ਇਸ ਦੌਰਾਨ ਕਈ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਦਿੱਲੀ ਪੁਲੀਸ ਨੇ ਹਿੰਸਾ ਤੋਂ ਤਕਰੀਬਨ ਚਾਰ ਮਹੀਨਿਆਂ ਬਾਅਦ 17 ਮਈ ਨੂੰ 3,224 ਸਫ਼ਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ। ਦੀਪ ਸਿੱਧੂ, ਜਬਰਜੰਗ ਸਿੰਘ, ਇਕਬਾਲ ਸਿੰਘ, ਮਹਿੰਦਰ ਸਿੰਘ ਖਾਲਸਾ ਸਮੇਤ 16 ਵਿੱਚੋਂ 14 ਮੁਲਜ਼ਮ ਜ਼ਮਾਨਤ ’ਤੇ ਬਾਹਰ ਹਨ ਜਦਕਿ ਦੋ ਹੋਰ ਮਨਿੰਦਰ ਸਿੰਘ ਤੇ ਖੇਮਪ੍ਰੀਤ ਸਿੰਘ ਅਜੇ ਵੀ ਨਿਆਂਇਕ ਹਿਰਾਸਤ ਵਿੱਚ ਹਨ। ਸਿੱਧੂ, ਜਿਸ ’ਤੇ ਹਿੰਸਾ ਦਾ ਮੁੱਖ ਸਾਜ਼ਿਸ਼ਕਰਤਾ ਹੋਣ ਦਾ ਇਲਜ਼ਾਮ ਲਗਾਇਆ ਗਿਆ ਹੈ, ਨੂੰ 9 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਨੇ ਉਸ ’ਤੇ ਲਾਲ ਕਿਲ੍ਹੇ ਵਿੱਚ ਹਫੜਾ-ਦਫੜੀ ਮਚਾਉਣ ਦਾ ਦੋਸ਼ ਵੀ ਲਗਾਇਆ ਸੀ। ਦਿੱਲੀ ਪੁਲੀਸ ਨੇ ਅਦਾਲਤ ਨੂੰ ਕਿਹਾ ਕਿ ਇਹ ਦਰਸਾਉਣ ਲਈ ਕਿ ਸਿੱਧੂ ਲਾਲ ਕਿਲ੍ਹੇ ਵਿਚ ਸਮਰਥਕਾਂ ਦੇ ਨਾਲ ਲਾਠੀ ਤੇ ਝੰਡੇ ਲੈ ਕੇ ਦਾਖਲ ਹੋਏ ਤੇ ਹਿੰਸਾ ਨੂੰ ਭੜਕਾਇਆ, ਉਨ੍ਹਾਂ ਕੋਲ ਇਲੈਕਟ੍ਰਾਨਿਕ ਸਬੂਤ ਹਨ। ਉਸ ਉੱਤੇ ਭਾਰਤੀ ਦੰਡਾਵਲੀ ਦੀਆਂ ਹੋਰ ਕਈ ਧਾਰਾਵਾਂ ਦੰਗਿਆਂ, ਕਤਲੇਆਮ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼, ਡਕੈਤੀ ਦੇ ਦੋਸ਼ ਹਨ। ਉਹ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਰਿਹਾ ਤੇ 17 ਅਪਰੈਲ ਨੂੰ ਜ਼ਮਾਨਤ ’ਤੇ ਰਿਹਾਅ ਹੋਇਆ। ਪੁਲੀਸ ਨੇ ਚਾਰਜਸ਼ੀਟ ਵਿੱਚ ਇਕਬਾਲ ਸਿੰਘ ਦਾ ਨਾਂ ਵੀ ਲਿਆ ਹੈ, ਜੋ 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮੌਕੇ ਫੇਸਬੁੱਕ ਲਾਈਵ ਕਰ ਰਿਹਾ ਸੀ।

Radio Mirchi