ਲੀਹ ਤੋਂ ਹੱਟ ਕੇ ਹੋਵੇਗੀ ਦਿਲਜੀਤ ਦੋਸਾਂਝ ਦੀ ਇਹ ਅਗਲੀ ਫ਼ਿਲਮ, ਕਿਰਦਾਰ ਜਾਣਕੇ ਹੋ ਜਾਓਗੇ ਹੈਰਾਨ
ਜਲੰਧਰ — ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਗੀਤਾਂ ਵਾਂਗ ਫ਼ਿਲਮਾਂ 'ਚ ਵੀ ਕਮਾਲ ਹੀ ਕਰਦੇ ਹਨ। ਹਰ ਵਾਰ ਨਵੇਂ ਕਿਰਦਾਰ 'ਚ ਨਜ਼ਰ ਆਉਂਦੇ ਹਨ ਪਰ ਇਸ ਵਾਰ ਉਨ੍ਹਾਂ ਦਾ ਕਿਰਦਾਰ ਕੁਝ ਵੱਖਰਾ ਹੀ ਨਹੀਂ ਸਗੋਂ ਹੱਟ ਕੇ ਵੀ ਹੈ। ਇਸ ਤਰ੍ਹਾਂ ਦਾ ਕਿਰਦਾਰ ਕਿਸੇ ਨੇ ਵੀ ਨਹੀਂ ਕੀਤਾ। ਦਰਅਸਲ ਦਿਲਜੀਤ ਦੋਸਾਂਝ ਫ਼ਿਲਮ 'ਸੂਰਮਾ' ਦੇ ਡਾਇਰੈਕਟ ਸ਼ਾਦ ਅਲੀ ਦੀ ਫ਼ਿਲਮ 'ਚ ਨਜ਼ਰ ਆ ਸਕਦੇ ਹਨ। ਇਹ ਫ਼ਿਲਮ Male Pregnancy (ਮੇਲ ਪ੍ਰੈਗਨੈਂਸੀ) 'ਤੇ ਹੋਵੇਗੀ।
ਦੱਸ ਦਈਏ ਕਿ ਇਸ ਤਰ੍ਹਾਂ ਦੇ ਕਿਰਦਾਰ ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਦੇ ਲੇਖੇ 'ਚ ਹੀ ਆਉਂਦੇ ਸਨ ਪਰ ਹੁਣ ਦਿਲਜੀਤ ਦੋਸਾਂਝ ਵੀ ਇਸ ਵੱਲ ਕਦਮ ਵਧਾ ਰਹੇ ਹਨ। ਸ਼ਾਦ ਦੀ Male Pregnancy 'ਤੇ ਅਧਾਰਿਤ ਇਹ ਫ਼ਿਲਮ ਇੱਕ ਲਵ ਸਟੋਰੀ ਹੈ। ਇਸ ਫ਼ਿਲਮ 'ਚ ਇੱਕ ਪੁਰਸ਼ ਨੂੰ ਪ੍ਰੈਗਨੈਂਟ ਦਿਖਾਇਆ ਜਾਵੇਗਾ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਫ਼ਿਲਮ ਪੰਜਾਬੀ 'ਚ ਵੀ ਬਣ ਚੁੱਕੀ ਹੈ ਪਰ ਇਹ ਉਸ ਦਾ ਰੀਮੇਕ ਨਹੀਂ ਹੈ। ਇਸ ਦੀ ਕਹਾਣੀ ਬਹੁਤ ਹੀ ਵੱਖਰੇ ਕਿਸਮ ਦੀ ਹੈ। ਜਦੋਂ ਸ਼ਾਨ ਨੇ ਦਿਲਜੀਤ ਦੋਸਾਂਝ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਤਾਂ ਉਹ ਇੱਕ ਦਮ ਇਸ ਫ਼ਿਲਮ ਲਈ ਰਾਜ਼ੀ ਹੋ ਗਏ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਵਿਦੇਸ਼ 'ਚ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਉਨ੍ਹਾਂ ਦੀ ਅਗਲੀ ਫ਼ਿਲਮ ਹੋਵੇਗੀ। ਇਸ ਦਾ ਹਾਲੇ ਤੱਕ ਅਧਿਕਾਰਤ ਐਲਾਨ ਨਹੀਂ ਹੋਇਆ।