ਲੋਕ ਸਭਾ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ
ਕਾਂਗਰਸ ਦੇ ਸੱਤ ਲੋਕ ਸਭਾ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਅੱਜ ਸੰਸਦੀ ਕੰਪਲੈਕਸ ਵਿੱਚ ਪਾਰਟੀ ਦੇ ਸੀਨੀਅਰ ਆਗੂੁਆਂ ਵਲੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕ ਸਭਾ ਵਲੋਂ ਵੀਰਵਾਰ ਨੂੰ ਸੱਤ ਕਾਂਗਰਸ ਮੈਂਬਰਾਂ ਨੂੰ ‘ਮਾੜੇ ਵਿਹਾਰ’ ਅਤੇ ‘ਮਰਿਆਦਾ ਦੀ ਉਲੰਘਣਾ’ ਦੇ ਦੋਸ਼ ਹੇਠ ਬਾਕੀ ਬਚੇ ਬਜਟ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਮੈਂਬਰਾਂ ਵਲੋਂ ਸਪੀਕਰ ਦੇ ਮੇਜ਼ ਤੋਂ ਕਾਗਜ਼ ਖਿੱਚ ਕੇ ਸਦਨ ਦੇ ਨੇਮਾਂ ਦੀ ਉਲੰਘਣਾ ਕੀਤੀ ਗਈ। ਮੁਅੱਤਲ ਕੀਤੇ ਮੈਂਬਰਾਂ ਵਿੱਚ ਗੌਰਵ ਗੋਗੋਈ, ਟੀ.ਐੱਨ. ਪ੍ਰਤਾਪਨ, ਦੀਨ ਕੁਰੀਆਕੋਸ, ਮਾਨਿਕਾ ਟੈਗੋਰ, ਰਾਜਮੋਹਨ ਓਨੀਥਨ, ਬੈਨੀ ਬਹਿਨਾਨ ਅਤੇ ਗੁਰਜੀਤ ਸਿੰਘ ਔਜਲਾ ਸ਼ਾਮਲ ਹਨ।
ਕਾਂਗਰਸੀ ਆਗੂਆਂ ਗੋਗੋਈ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਗਾਂਧੀ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੂੰ ਡਰਾਉਣ ਲਈ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਮੌਕੇ ਗੋਗਈ ਨੇ ਕਿਹਾ,‘‘ਪਰ ਅਸੀਂ ਡਰਾਂਗੇ ਨਹੀਂ। ਅਸੀਂ ਦਿੱਲੀ ਵਿੱਚ ਹੋਈ ਹਿੰਸਾ ਬਾਰੇ ਬਹਿਸ ਕਰਨ ਦੀ ਮੰਗ ਕਰਨ ਤੋਂ ਡਰਾਂਗੇ ਨਹੀਂ, ਅਸੀਂ ਇਸ ਮੁੱਦੇ ਨੂੰ ਲਗਾਤਾਰ ਚੁੱਕਦੇ ਰਹਾਂਗੇ।’’ ਕਾਂਗਰਸ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ।