ਲੋਕ ਸਭਾ ’ਚ ਇਰਾਨੀ ਤੇ ਵਿਰੋਧੀ ਧਿਰਾਂ ’ਚ ਤਿੱਖੀਆਂ ਝੜਪਾਂ

ਲੋਕ ਸਭਾ ’ਚ ਇਰਾਨੀ ਤੇ ਵਿਰੋਧੀ ਧਿਰਾਂ ’ਚ ਤਿੱਖੀਆਂ ਝੜਪਾਂ

ਉਨਾਓ ਜਬਰ-ਜਨਾਹ ਪੀੜਤਾ ਨੂੰ ਸਾੜੇ ਜਾਣ ਦੇ ਮੁੱਦੇ ’ਤੇ ਅੱਜ ਲੋਕ ਸਭਾ ਵਿੱਚ ਹੋਈ ਚਰਚਾ ਦੌਰਾਨ ਸੱਤਾ ਤੇ ਵਿਰੋਧੀ ਧਿਰ ਦਰਮਿਆਨ ਤਿੱਖੀ ਨੋਕ-ਝੋਕ ਹੋਈ। ਭਾਜਪਾ ਨੇ ਦੋ ਕਾਂਗਰਸੀ ਸੰਸਦ ਮੈਂਬਰਾਂ ਟੀ.ਐੱਨ.ਪ੍ਰਤਾਪਨ ਤੇ ਡੀਨ ਕੁਰੀਆਕੋਸ ਵੱਲੋਂ ਬਾਹਾਂ ਚੜ੍ਹਾਉਂਦਿਆਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਸਦਨ ਵਿੱਚ ‘ਧਮਕਾਉਣ’ ਦਾ ਦੋਸ਼ ਲਾਇਆ। ਦੋਵਾਂ ਧਿਰਾਂ ਵਿੱਚ ਹੋਈ ਬਹਿਸ ਕਰਕੇ ਕੋਈ ਸੰਸਦੀ ਕੰਮ ਨਹੀਂ ਹੋ ਸਕਿਆ।
ਇਸ ਤੋਂ ਪਹਿਲਾਂ ਅੱਜ ਪ੍ਰਸ਼ਨ ਕਾਲ ਦੌਰਾਨ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਉਨਾਓ ਕੇਸ ਦੇ ਹਵਾਲੇ ਨਾਲ ਭਾਜਪਾ ’ਤੇ ਤਨਜ਼ ਕਸਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ‘ਅਧਰਮ ਪ੍ਰਦੇਸ਼’ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਯੂਪੀ ਵਿੱਚ ਰਾਮ ਮੰਦਿਰ ਬਣਾਉਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ ਜਦੋਂਕਿ ਦੂਜੇ ਪਾਸੇ ‘ਸੀਤਾ ਨੂੰ ਸਾੜਿਆ ਜਾ ਰਿਹਾ ਹੈ।’ ਕਾਂਗਰਸੀ ਆਗੂ ਨੇ ਮਾਲਦਾ ਤੇ ਹੈਦਰਾਬਾਦ ਵਿੱਚ ਜਬਰ-ਜਨਾਹ ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ। ਇਸ ਦੌਰਾਨ ਕੁਝ ਹੋਰਨਾਂ ਮੈਂਬਰਾਂ ਨੇ ਹੈਦਰਾਬਾਦ ਵਿੱਚ ਵੱਡੇ ਤੜਕੇ ਹੋਏ ਮੁਕਾਬਲੇ ਸਮੇਤ ਮਹਿਲਾਵਾਂ ਨਾਲ ਹਿੰਸਾ ਤੇ ਬਲਾਤਕਾਰ ਜਿਹੇ ਮੁੱਦੇ ਉਠਾਏ। ਅਮੇਠੀ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵਿਰੋਧੀ ਧਿਰ ਦੇ ਹੱਲਿਆਂ ਖਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਉਨਾਓ ਕੇਸ ਦਾ ‘ਫ਼ਿਰਕੂਕਰਨ ਤੇ ਸਿਆਸੀਕਰਨ’ ਕੀਤਾ ਜਾ ਰਿਹੈ। ਇਰਾਨੀ ਨੇ ਕਿਹਾ ਕਿ ਉਨਾਓ ਘਟਨਾ ‘ਅਣਮਨੁੱਖੀ’ ਤੇ ‘ਦਰਿੰਦਗੀ ਵਾਲਾ ਅਪਰਾਧ’ ਹੈ, ਜਿਸ ਦੇ ਸਾਜ਼ਿਸ਼ਘਾੜਿਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਰਾਨੀ ਨੇ ਟੀਐੱਮਸੀ ਮੈਂਬਰ ਸੋਗਾਤਾ ਰੌਇ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੱਛਮੀ ਬੰਗਾਲ ਪੰਚਾਇਤ ਚੋਣਾਂ ਵਿੱਚ ਜਬਰ-ਜਨਾਹ ਦੀ ਘਟਨਾ ਨੂੰ ਕਥਿਤ ਸਿਆਸੀ ਹਥਿਆਰ ਵਜੋਂ ਵਰਤਿਆ ਗਿਆ ਸੀ। ਕੇਂਦਰੀ ਮੰਤਰੀ ਅਜੇ ਬੋਲ ਹੀ ਰਹੀ ਸੀ ਕਿ ਕਾਂਗਰਸ ਦੇ ਟੀ.ਐੱਨ.ਪ੍ਰਤਾਪਨ ਤੇ ਡੀਨ ਕੁਰੀਆਕੋਸ ਬਾਹਾਂ ਚੜ੍ਹਾਉਂਦੇ ਹੋਏ ਸਦਨ ਦੇ ਐਨ ਵਿਚਾਲੇ ਆ ਗਏ। ਉਨ੍ਹਾਂ ਸਰਕਾਰੀ ਧਿਰ ਦੇ ਬੈਂਚਾਂ ਵੱਲ ਵਧਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹੋਰਨਾਂ ਕਾਂਗਰਸੀ ਮੈਂਬਰਾਂ ਨੇ ਆ ਕੇ ਦੋਵਾਂ ਨੂੰ ਪਿਛਾਂਹ ਖਿੱਚਿਆ। ਗੁੱਸੇ ਵਿੱਚ ਆਈ ਇਰਾਨੀ ਨੇ ਕਾਂਗਰਸੀ ਮੈਂਬਰਾਂ ਨੂੰ ਕਿਹਾ ਕਿ ਉਹ ਉਨ੍ਹਾਂ ’ਤੇ ਨਾ ਚੀਕਣ।
ਕਾਂਗਰਸ ਦੇ ਗੌਰਵ ਗੋਗੋਈ ਨੇ ਕਿਹਾ, ‘ਸਿਆਸੀ ਟਿੱਪਣੀਆਂ ਕਰਨ ਦੀ ਆਦਤ ਕੇਂਦਰੀ ਮੰਤਰੀ (ਇਰਾਨੀ) ਨੂੰ ਹੈ, ਅਸੀਂ ਤਾਂ ਸਰਕਾਰ ਤੋਂ ਸਿਰਫ਼ ਹੁਣ ਤਕ ਕੀਤੀ ਕਾਰਵਾਈ ਬਾਰੇ ਵੇਰਵਾ ਮੰਗਿਆ ਸੀ। ਮਗਰੋਂ ਸਪੀਕਰ ਓਮ ਬਿਰਲਾ ਨੇ ਵਿੱਚ ਪੈਂਦਿਆਂ ਕਿਹਾ ਕਿ ਅਜਿਹੀਆਂ ਸਿਆਸੀ ਟਿੱਪਣੀਆਂ ਕਰਨਾ ਤੇ ਸਦਨ ਦੇ ਵਿਚਾਲੇ ਆ ਕੇ ਧਮਕਾਉਣਾ ਗੈਰਵਾਜਬ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਐੱਸ.ਐੱਸ.ਆਹਲੂਵਾਲੀਆ, ਬੀਜੇਡੀ ਦੀ ਅਨੁਭਵ ਮੋਹੰਤੀ ਤੇ ‘ਆਪ’ ਦੇ ਭਗਵੰਤ ਮਾਨ ਨੇ ਪ੍ਰਤਾਪਨ ਤੇ ਕੁਰੀਆਕੋਸ ਦੇ ਵਤੀਰੇ ਦੀ ਨਿਖੇਧੀ ਕਰਦਿਆਂ ਦੋਵਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਚੇਤੇ ਰਹੇ ਕਿ ਪ੍ਰਤਾਪਨ ਨੂੰ ਪਿਛਲੇ ਦਿਨੀਂ ਸਦਨ ਵਿੱਚ ਮੌਜੂਦ ਮਾਰਸ਼ਲਾਂ ਨਾਲ ਦੁਰਵਿਹਾਰ ਕਰਨ ਦੇ ਦੋਸ਼ ਵਿੱਚ ਇਕ ਦਿਨ ਲਈ ਸੰਸਦ ’ਚੋਂ ਹਾਜ਼ਰ ਹੋਣ ਤੋਂ ਰੋਕਿਆ ਗਿਆ ਸੀ। ਭਾਜਪਾ ਦੀ ਸੰਗੀਤਾ ਸਿੰਘ ਨੇ ਇਰਾਨੀ ਨੇ ਕਿਸੇ ਖ਼ਿਲਾਫ਼ ਕੋਈ ਅਪਮਾਨਜਨਕ ਤੇ ਭੜਕਾਊ ਬਿਆਨਬਾਜ਼ੀ ਨਹੀਂ ਕੀਤੀ। ਸਿੰਘ ਨੇ ਕਾਂਗਰਸੀ ਸੰਸਦ ਮੈਂਬਰਾਂ ਦੇ ਵਤੀਰੇ ਨੂੰ ‘ਜਮਹੂਰੀਅਤ ਦੇ ਮੰਦਿਰ ਦਾ ਕਾਲਾ ਦਿਨ’ ਕਰਾਰ ਦਿੱਤਾ। 

Radio Mirchi