ਲੌਕਡਾਊਨ 31 ਮਈ ਤੱਕ ਵਧਾਇਆ

ਲੌਕਡਾਊਨ 31 ਮਈ ਤੱਕ ਵਧਾਇਆ

ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨੇ ਸਮੁੱਚੇ ਦੇਸ਼ ਵਿੱਚ ਲੌਕਡਾਊਨ 31 ਮਈ ਤਕ ਵਧਾਉਣ ਦਾ ਐਲਾਨ ਕੀਤਾ ਹੈ। ਅਥਾਰਿਟੀ ਨੇ ਹੁਕਮ ਵਿੱਚ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਠੱਲ੍ਹਣ ਲਈ ਲੌਕਡਾਊਨ ਮਾਪਦੰਡ ਦੇਸ਼ ਭਰ ਵਿੱਚ ਅਗਲੇ 14 ਦਿਨਾਂ ਲਈ ਜਾਰੀ ਰਹਿਣਗੇ। 25 ਮਾਰਚ ਮਗਰੋਂ ਇਹ ਲੌਕਡਾਊਨ ਵਿੱਚ ਚੌਥਾ ਵਾਧਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ 4.0 ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਵੀਂਆਂ ਸੇਧਾਂ ਮੁਤਾਬਕ 65 ਸਾਲ ਤੋਂ ਉਪਰ ਦੇ ਬਜ਼ਰੁਗ, ਬਿਮਾਰ, ਗਰਭਵਤੀ ਔਰਤਾਂ ਤੇ ਦਸ ਸਾਲ ਤੋਂ ਘੱਟ ਉਮਰ ਦੇ ਬੱਚੇ ਘਰਾਂ ਵਿੱਚ ਹੀ ਰਹਿਣਗੇ। ਉਨ੍ਹਾਂ ਨੂੰ ਜ਼ਰੂਰੀ ਕੰਮ ਤੇ ਸਿਹਤ ਨਾਸਾਜ਼ ਹੋਣ ਦੀ ਸੂਰਤ ਵਿੱਚ ਹੀ ਬਾਹਰ ਆਉਣ ਦੀ ਇਜਾਜ਼ਤ ਹੋਵੇਗੀ। ਸੇਧਾਂ ਮੁਤਾਬਕ ਮੁਕਾਮੀ ਅਥਾਰਿਟੀਜ਼ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ। ਇਸ ਦੌਰਾਨ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਲੋਕਾਂ ਦੀ ਆਵਾਜਾਈ ’ਤੇ ਮੁਕੰਮਲ ਪਾਬੰਦੀ ਰਹੇਗੀ।
ਨੌਂ ਸਫ਼ਿਆਂ ਵਾਲੀਆਂ ਇਨ੍ਹਾਂ ਸੇਧਾਂ ਮੁਤਾਬਕ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਾਲ, ਸੰਤਰੀ ਤੇ ਹਰੇ ਜ਼ੋਨਾਂ ਦੀ ਹੱਦਬੰਦੀ ਸਬੰਧੀ ਫੈਸਲਾ ਖੁ਼ਦ ਕਰਨਗੇ। ਇਸ ਦੇ ਨਾਲ ਹੀ ਅੰਤਰਰਾਜੀ ਵਾਹਨਾਂ ਤੇ ਬੱਸਾਂ ਦੀ ਆਮਦੋ-ਰਫ਼ਤ ਸਬੰਧੀ ਫੈਸਲਾ ਸਬੰਧਤ ਰਾਜ ਆਪਸੀ ਸਹਿਮਤੀ ਨਾਲ ਲੈਣਗੇ। ਮੈਟਰੋ ਰੇਲ ਸੇਵਾਵਾਂ, ਸਕੂਲ-ਕਾਲਜ, ਸਿਖਲਾਈ ਤੇ ਕੋਚਿੰਗ ਸੰਸਥਾਵਾਂ, ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲਜ਼, ਸਵਿਮਿੰਗ ਪੂਲ ਤੇ ਜਿੰਮ ਪਹਿਲਾਂ ਵਾਂਗ 31 ਮਈ ਤਕ ਬੰਦ ਰਹਿਣਗੇ। ਆਨਲਾਈਨ ਦੂਰਵਰਤੀ ਸਿੱਖਿਆ ਦੀ ਖੁੱਲ੍ਹ ਜਾਰੀ ਰਹੇਗੀ। ਘਰੇਲੂ ਹਵਾਈ ਐਂਬੂਲੈਂਸ ਸੇਵਾ ਨੂੰ ਛੱਡ ਕੇ ਸਾਰੀਆਂ ਘਰੇਲੂ ਤੇ ਕੌਮਾਂਤਰੀ ਹਵਾਈ ਮੁਸਾਫ਼ਰ ਉਡਾਣਾਂ ਵੀ ਬੰਦ ਰਹਿਣਗੀਆਂ। ਕਿਸੇ ਤਰ੍ਹਾਂ ਦੇ ਸਮਾਜਿਕ, ਸਿਆਸੀ ਤੇ ਧਾਰਮਿਕ ਸਮਾਗਮ ’ਤੇ ਪੂਰਨ ਪਾਬੰਦੀ ਰਹੇਗੀ। ਧਾਰਮਿਕ ਅਸਥਾਨ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ। ਕੰਟੇਨਮੈਂਟ ਜ਼ੋਨ ਤੋਂ ਬਾਹਰਲੀਆਂ ਸਾਰੀਆਂ ਦੁਕਾਨਾਂ ਭਲਕ ਤੋਂ ਵੱਖੋ-ਵੱਖ ਸਮਿਆਂ ’ਤੇ ਖੁੱਲ੍ਹਣਗੀਆਂ।

Radio Mirchi