ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿਥੇ ਲੌਕਡਾਊਨ ਉਦੋਂ ਹਟਾਇਆ ਗਿਆ ਜਦੋਂ ਕਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਤੋਂ ਇਹ ਪੂਰੀ ਤਰ੍ਹਾਂ ਸਾਫ ਹੈ ਕਿ ਕਿ ਲੌਕਡਾਊਨ ਕਰਨ ਦਾ ਮਕਸਦ ਤੇ ਟੀਚਾ ਪ੍ਰਾਪਤ ਕਰਨ ਵਿੱਚ ਸਰਕਾਰ ਮੁੱਧੇ ਮੂੰਹ ਡਿੱਗੀ ਹੈ। ਲੌਕਡਾਊਨ ਦੇ ਚਾਰ ਗੇੜਾਂ ਨੇ ਉਹ ਨਤੀਜੇ ਨਹੀਂ ਦਿੱਤੇ ਜਿਨ੍ਹਾਂ ਦੀ ਪ੍ਰਧਾਨ ਮੰਤਰੀ ਆਸ ਕਰ ਰਹੇ ਹਨ। ਇਸ ਅਸਫ਼ਲਤਾ ਤੋਂ ਬਾਅਦ ਸਰਕਾਰ ਦੱਸੇ ਕਿ ਉਸ ਨੇ ਕਰੋਨਾ ਖ਼ਿਲਾਫ਼ ਅਗਲੀ ਕਿਹੜੀ ਰਣਨੀਤੀ ਘੜੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਲੌਕਡਾਊਨ ਕਾਰਨ ਆਰਥਿਕ ਮੰਦਵਾੜੇ ਵਿੱਚ ਫਸੇ ਰਾਜਾਂ ਦੀ ਕੇਂਦਰ ਨੂੰ ਮਦਦ ਕਰਨੀ ਚਾਹੀਦੀ ਹੈ। ਕਾਂਗਰਸ ਦੀ ਹਕੂਮਤ ਹੇਠਲੇ ਰਾਜਾਂ ਨੂੰ ਜੇ ਕੇਂਦਰ ਨੇ ਮਦਦ ਨਾ ਕੀਤੀ ਤਾਂ ਰਾਜ ਸਰਕਾਰਾਂ ਸੰਕਟ ਵਿੱਚ ਫਸ ਜਾਣਗੀਆਂ। ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਜੇ ਲੋਕਾਂ ਤੇ ਸਨਅਤਾਂ ਨੂੰ ਪੈਸਾ ਨਾ ਦਿੱਤਾ ਤਾਂ ਹਾਲਤ ਖਤਰਨਾਕ ਬਣ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਰਥਿਕ ਪੈਕੇਜ ਕੁੱਲ ਘਰੇਲੂ ਉਦਪਾਦ(ਜੀਡੀਪੀ) ਦਾ 10 ਫੀਸਦ ਨਾ ਹੋ ਕੇ ਸਿਰਫ ਇਕ ਫੀਸਦ ਹੀ ਹੈ।