ਲੌਕਡਾਊਨ: ਸ਼ਾਹ ਨੇ ਮੋਦੀ ਨੂੰ ਮੁੱਖ ਮੰਤਰੀਆਂ ਦੇ ਵਿਚਾਰ ਦੱਸੇ

ਲੌਕਡਾਊਨ: ਸ਼ਾਹ ਨੇ ਮੋਦੀ ਨੂੰ ਮੁੱਖ ਮੰਤਰੀਆਂ ਦੇ ਵਿਚਾਰ ਦੱਸੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਦੇਸ਼ ਪੱਧਰੀ ਲੌਕਡਾਊਨ ਨੂੰ 31 ਮਈ ਤੋਂ ਬਾਅਦ ਵਧਾਏ ਜਾਣ ਬਾਰੇ ਮੁੱਖ ਮੰਤਰੀਆਂ ਦੇ ਵਿਚਾਰਾਂ ਬਾਰੇ ਜਾਣੂ ਕਰਵਾਇਆ। ਹੁਣ ਤੱਕ ਹਰ ਲੌਕਡਾਊਨ ਦਾ ਗੇੜ ਵਧਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਜਾਣਦੇ ਰਹੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੌਕਡਾਊਨ ਦੇ ਕਿਸੇ ਗੇੜ ਦੀ ਸਮਾਪਤੀ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੋਵੇ।
ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸ੍ਰੀ ਸ਼ਾਹ ਨੇ ਸ੍ਰੀ ਮੋਦੀ ਨੂੰ ਵੀਰਵਾਰ ਨੂੰ ਮੁੱਖ ਮੰਤਰੀਆਂ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਮਿਲੇ ਸੁਝਾਵਾਂ ਬਾਰੇ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ 17 ਮਈ ਨੂੰ ਦੇਸ਼ ਭਰ ’ਚ ਲੌਕਡਾਊਨ 31 ਮਈ ਤੱਕ ਵਧਾ ਦਿੱਤਾ ਸੀ ਤੇ ਗ੍ਰਹਿ ਮੰਤਰੀ ਨੇ ਲੌਕਡਾਊਨ ਦਾ ਚੌਥਾ ਗੇੜ ਖਤਮ ਹੋਣ ਤੋਂ ਤਿੰਨ ਦਿਨ ਪਹਿਲਾਂ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਸ੍ਰੀ ਸ਼ਾਹ ਨੇ ਇਹ ਵੀ ਜਾਣਨਾ ਚਾਹਿਆ ਕਿ ਸੂਬਿਆਂ ਦੀਆਂ ਕੀ ਚਿੰਤਾਵਾਂ ਹਨ ਤੇ ਇੱਕ ਜੂਨ ਤੋਂ ਉਹ ਕਿਹੜੇ ਇਲਾਕੇ ਖੋਲ੍ਹਣਾ ਚਾਹੁੰਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਮੁੱਖ ਮੰਤਰੀ ਚਾਹੁੰਦੇ ਹਨ ਕਿ ਲੌਕਡਾਊਨ ਜਾਰੀ ਰਹੇ ਪਰ ਨਾਲ ਹੀ ਉਨ੍ਹਾਂ ਆਰਥਿਕ ਗਤੀਵਿਧੀਆਂ ਬਹਾਲ ਹੋਣ ਤੇ ਆਮ ਜੀਵਨ ਲੀਹ ’ਤੇ ਲਿਆਉਣ ਦਾ ਪੱਖ ਲਿਆ ਹੈ। ਉਮੀਦ ਹੈ ਕਿ ਕੇਂਦਰ ਸਰਕਾਰ ਲੌਕਡਾਊਨ ਬਾਰੇ ਐਲਾਨ ਆਉਂਦੇ ਦੋ ਦਿਨਾਂ ਅੰਦਰ ਕਰੇਗੀ।
ਜ਼ਿਕਰਯੋਗ ਹੈ ਕਿ ਦੇਸ਼ ਪੱਧਰੀ ਲੌਕਡਾਊਨ ਦਾ ਪਹਿਲੀ ਵਾਰ ਐਲਾਨ ਮੋਦੀ ਨੇ 24 ਮਾਰਚ ਨੂੰ 21 ਦਿਨ ਲਈ ਕੀਤਾ ਸੀ। ਇਸ ਤੋਂ ਬਾਅਦ ਤਿੰਨ ਮਈ, ਫਿਰ 17 ਮਈ ਤੇ ਫਿਰ 31 ਮਈ ਤੱਕ ਲੌਕਡਾਊਨ ’ਚ ਵਾਧਾ ਕੀਤਾ ਗਿਆ ਸੀ। ਸਰਕਾਰ ਨੇ ਲੌਕਡਾਊਨ 31 ਮਈ ਤੱਕ ਵਧਾਉਣ ਦੇ ਐਲਾਨ ਦੇ ਨਾਲ ਹੀ ਸਕੂਲ, ਕਾਲਜ ਤੇ ਮਾਲ ਖੋਲ੍ਹਣ ’ਤੇ ਰੋਕ ਜਾਰੀ ਰੱਖਣ ਦੀ ਗੱਲ ਕਹੀ ਸੀ।

Radio Mirchi