ਲੰਡਨ ਨੇੜੇ ਕੰਟੇਨਰ ਵਿਚੋਂ 39 ਲਾਸ਼ਾਂ ਮਿਲੀਆਂ
ਲੰਡਨ-ਬਰਤਾਨੀਆ ਵਿਚ ਬੁੱਧਵਾਰ ਨੂੰ ਲੰਡਨ ਨੇੜੇ ਬੁਲਗਾਰੀਆ ਤੋਂ ਆ ਰਹੇ ਇੱਕ ਟਰੱਕ ਦੇ ਕੰਟੇਨਰ ਵਿਚੋਂ 39 ਲਾਸ਼ਾਂ ਮਿਲੀਆਂ ਹਨ। ਯੂਕੇ ਪੁਲੀਸ ਨੇ ਦੱਸਿਆ ਕਿ ਸ਼ੱਕ ਦੇ ਆਧਾਰ ’ਤੇ ਟਰੱਕ ਦੇ 25 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਮੂਲ ਰੂਪ ਵਿਚ ਉੱਤਰੀ ਆਇਰਲੈਂਡ ਦਾ ਵਾਸੀ ਹੈ। ਇਹ ਲਾਸ਼ਾਂ ਉਸ ਦੇ ਟਰੱਕ ਵਿਚੋਂ ਦੱਖਣ-ਪੂਰਬੀ ਇੰਗਲੈਂਡ ਦੇ ਐਸੈਕਸ ਇਲਾਕੇ ਵਿਚ ਮਿਲੀਆਂ।
ਐਸੈਕਸ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਗ੍ਰੇਅਸ ਦੇ ਈਸਟਰਨ ਐਵੇਨਿਊ ’ਚ ਸਥਿਤ ਵਾਟਰਗਲੇਡ ਇੰਡਸਟਰੀਅਲ ਪਾਰਕ ਤੋਂ ਸਥਾਨਕ ਐਂਬੂਲੈਂਸ ਤੋਂ ਕਾਲ ਆਈ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਮ੍ਰਿਤਕਾਂ ਵਿਚ ਛੋਟੀ ਉਮਰ ਦੇ ਇੱਕ ਨੌਜਵਾਨ ਸਮੇਤ 38 ਵਿਅਕਤੀ ਸ਼ਾਮਲ ਹਨ। ਇਹ ਟਰੱਕ ਸ਼ਨਿਚਰਵਾਰ ਨੂੰ ਹੋਲੀਹੈੱਡ ਰਾਹੀਂ ਦੇਸ਼ ’ਚ ਦਾਖਲ ਹੋਇਆ ਸੀ। ਜ਼ਿਕਰਯੋਗ ਹੈ ਕਿ ਆਇਰਲੈਂਡ ਤੋਂ ਬਰਤਾਨੀਆ ਵਿਚ ਦਾਖਲ ਹੋਣ ਵਾਲੀਆਂ ਕਿਸ਼ਤੀਆਂ ਲਈ ਵੇਲਜ਼ ਦੇ ਉੱਤਰਪੱਛਮੀ ਕਿਨਾਰੇ ’ਤੇ ਸਥਿਤ ਹੋਲੀਹੈੱਡ ਮੁੱਖ ਬੰਦਰਗਾਹ ਹੈ।
ਚੀਫ ਸੁਪਰਡੈਂਟ ਐਂਡਰੀਊ ਮੈਰੀਨਰ ਨੇ ਕਿਹਾ ਕਿ ਇਹ ਇੱਕ ਦੁਖਦ ਘਟਨਾ ਹੈ, ਜਿਸ ਵਿਚ ਵੱਡੀ ਗਿਣਤੀ ਜਾਨਾਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਹਾਲਾਂਕਿ ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਇਸ ਪ੍ਰਕਿਰਿਆ ਵਿਚ ਲੰਮਾ ਸਮਾਂ ਲੱਗ ਸਕਦਾ ਹੈ।