ਲੰਡਨ ਵਿੱਚ ਤਿੰਨ ਸਿੱਖਾਂ ਦਾ ਬੇਰਹਿਮੀ ਨਾਲ ਕਤਲ
ਇਥੇ ਐਤਵਾਰ ਰਾਤ ਸਿੱਖ ਭਾਈਚਾਰੇ ਦੀਆਂ ਦੋ ਧਿਰਾਂ ਵਿੱਚ ਹੋਈ ਝੜਪ ਵਿੱਚ ਤਿੰਨ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਕਤਲ ਦੇ ਦੋਸ਼ ਵਿੱਚ 29 ਤੇ 39 ਸਾਲ ਉਮਰ ਦੇ ਦੋ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੇਲ ਆਨਲਾਈਨ ਦੀ ਰਿਪੋਰਟ ਮੁਤਾਬਕ ਝੜਪ ਦੀ ਇਹ ਘਟਨਾ ਐਤਵਾਰ ਰਾਤ ਨੂੰ ਸਾਢੇ ਸੱਤ ਵਜੇ ਦੇ ਕਰੀਬ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਰੈੱਡਬਰਿਜ ਦੇ ਸੈਵਨ ਕਿੰਗਜ਼ ਖੇਤਰ ਵਿੱਚ ਵਾਪਰੀ। ਮਾਰੇ ਗਏ ਤਿੰਨ ਅਣਪਛਾਤਿਆਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਹੈ ਤੇ ਉਨ੍ਹਾਂ ਦੇ ਸਰੀਰ ’ਤੇ ਚਾਕੂ ਨਾਲ ਕੀਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਤਿੰਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮੈਟਰੋਪਾਲਿਟਨ ਪੁਲੀਸ ਨੇ ਕਤਲ ਦਾ ਕੇਸ ਦਰਜ ਕਰਨ ਮਗਰੋਂ ਪੀੜਤਾਂ ਦੀ ਸ਼ਨਾਖਤ ਲਈ ਯਤਨ ਵਿੱਢ ਦਿੱਤੇ ਹਨ ਤਾਂ ਕਿ ਸਬੰਧਤ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਸਕੇ। ਮੈਟਰੋਪਾਲਿਟਨ ਪੁਲੀਸ ਦੇ ਕਮਾਂਡਰ ਤੇ ਡਿਟੈਕਟਿਵ ਚੀਫ਼ ਸੁਪਰਡੈਂਟ ਸਟੀਫਨ ਕੇਲਮੈਨ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਝੜਪ ਵਿੱਚ ਸ਼ਾਮਲ ਦੋਵੇਂ ਧਿਰਾਂ ਸਿੱਖ ਭਾਈਚਾਰੇ ਨਾਲ ਸਬੰਧਤ ਹਨ ਤੇ ਇਕ ਦੂਜੇ ਨੂੰ ਜਾਣਦੀਆਂ ਸਨ। ਦੋਵਾਂ ਧਿਰਾਂ ’ਚ ਕਿਸੇ ਗੱਲੋਂ ਤਲਖ਼ੀ ਹੋਈ, ਜੋ ਵਧ ਗਈ ਤੇ ਨਤੀਜੇ ਵਜੋਂ ਤਿੰਨ ਜਣਿਆਂ ’ਤੇ ਬੁਰੇ ਤਰੀਕੇ ਨਾਲ ਹਮਲਾ ਕੀਤਾ ਗਿਆ।’ ਅਧਿਕਾਰੀ ਨੇ ਕਿਹਾ ਕਿ ਅਜੇ ਜਾਂਚ ਸ਼ੁਰੂਆਤੀ ਗੇੜ ਵਿੱਚ ਹੈ ਤੇ ਸਾਰੀਆਂ ਕੜੀਆਂ ਨੂੰ ਜੋੜਿਆ ਜਾ ਰਿਹੈ। ਉਧਰ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਕਿਹਾ ਕਿ ਇਸ ਤੀਹਰੇ ਕਤਲ ਨੇ ਸਾਡੇ ਮੁਲਕ ਵਿੱਚ ਚਾਕੂ ਨਾਲ ਕੀਤੇ ਜਾਂਦੇ ਖ਼ੌਫ਼ਨਾਕ ਅਪਰਾਧਾਂ ਦੀ ਯਾਦ ਦਿਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਿੰਸਾ ਦੇ ਅਸਲ ਕਾਰਨਾਂ ਜਿਵੇਂ ਗਰੀਬੀ, ਨਾਬਰਾਬਰੀ ਤੇ ਸਮਾਜਿਕ ਬੇਰੁਖ਼ੀ ਨੂੰ ਮੁਖਾਤਿਬ ਹੋ ਕੇ ਅਜਿਹੇ ਅਪਰਾਧਾਂ ਨਾਲ ਸਿੱਝਿਆ ਜਾ ਸਕਦਾ ਹੈ। ਮੁਕਾਮੀ ਰੈੱਡਬ੍ਰਿਜ ਕੌਂਸਲ ਦੇ ਬਰਤਾਨਵੀ ਸਿੱਖ ਆਗੂ ਜੱਸ ਅਠਵਾਲ ਨੇ ਕਿਹਾ ਕਿ ਸਿੱਖ ਭਾਈਚਾਰੇ ਨਾਲ ਵਾਪਰੀ ਇਹ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ।
ਇਸ ਦੌਰਾਨ ਸੋੋਸ਼ਲ ਮੀਡੀਆ ’ਤੇ ਨਸ਼ਰ ਖ਼ੌਫਨਾਕ ਤਸਵੀਰਾਂ ’ਚ ਇਕ ਪੀੜਤ ਸਟੇਸ਼ਨ ਨਜ਼ਦੀਕ ਪੌੜੀਆਂ ’ਤੇ ਖ਼ੂਨ ਵਿੱਚ ਲਥਪੱਥ ਪਿਆ ਹੈ ਜਦੋਂਕਿ ਦੂਜਾ ਵਿਅਕਤੀ ਬੇਜਾਨ ਪਿਆ ਹੈ ਤੇ ਸੜਕ ’ਤੇ ਖ਼ੂਨ ਡੁੱਲਿਆ ਹੋਇਆ ਹੈ। ਚਸ਼ਮਦੀਦਾਂ ਮੁਤਾਬਕ ਹਰ ਪਾਸੇ ਖ਼ੂਨ ਹੀ ਖ਼ੂਨ ਸੀ ਜਦੋਂਕਿ ਇਕ ਪੀੜਤ ਦੀ ਧੌਣ ’ਚੋਂ ਖ਼ੂਨ ਵਹਿ ਰਿਹਾ ਸੀ। ਸਟੇਸ਼ਨ ਦੇ ਐਨ ਸਾਹਮਣੇ ਇਕ ਟੈਕਸੀ ਫਰਮ ਦੇ ਮਾਲਕ ਨੇ ਕਿਹਾ ਕਿ ਇਕ ਸ਼ਖ਼ਸ ਜਿਸ ਦੇ ‘ਹੱਥਾਂ ’ਤੇ ਖੂ਼ਨ ਲੱਗਾ’ ਸੀ, ਉਸ ਕੋਲ ਆਇਆ ਤੇ ਮਦਦ ਮੰਗੀ।