ਲੱਦਾਖ ਦੇ ਸ਼ਹੀਦਾਂ ’ਚ ਪੰਜਾਬ ਦੇ ਚਾਰ ਜਵਾਨ ਸ਼ਾਮਲ
ਭਾਰਤ-ਚੀਨ ਦੀ ਲੱਦਾਖ ਸਰਹੱਦ ’ਤੇ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਵਿੱਚ ਚੀਮਾ ਮੰਡੀ ਨੇੜਲੇ ਪਿੰਡ ਤੋਲਾਵਾਲ ਦਾ ਗੁਰਵਿੰਦਰ ਸਿੰਘ, ਪਟਿਆਲਾ ਨੇੜਲੇ ਪਿੰਡ ਸੀਲ ਦਾ ਮਨਦੀਪ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਜਰਾਜ ਦਾ ਸਤਨਾਮ ਸਿੰਘ ਅਤੇ ਜ਼ਿਲਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ ਸ਼ਾਮਲ ਹਨ। ਜਵਾਨਾਂ ਦੇ ਸ਼ਹੀਦ ਹੋਣ ਸਬੰਧੀ ਸੂਚਨਾ ਅੱਜ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਵਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ, ਜਿਸ ਮਗਰੋਂ ਪਿੰਡਾਂ ਵਿੱਚ ਮਾਤਮ ਛਾ ਗਿਆ। ਸ਼ਹੀਦਾਂ ਦੀਆਂ ਦੇਹਾਂ ਅਜੇ ਤੱਕ ਜੱਦੀ ਪਿੰਡਾਂ ਵਿੱਚ ਨਹੀਂ ਪਹੁੰਚਾਈਆਂ ਗਈਆਂ ਹਨ।