ਵਟ੍ਹਸਐਪ ਰਾਹੀਂ ਭਾਰਤੀ ਪੱਤਰਕਾਰਾਂ ਤੇ ਕਾਰਕੁਨਾਂ ਦੀ ਜਾਸੂਸੀ

ਵਟ੍ਹਸਐਪ ਰਾਹੀਂ ਭਾਰਤੀ ਪੱਤਰਕਾਰਾਂ ਤੇ ਕਾਰਕੁਨਾਂ ਦੀ ਜਾਸੂਸੀ

ਨਵੀਂ ਦਿੱਲੀ-ਫੇਸਬੁੱਕ ਦੀ ਮਾਲਕੀ ਵਾਲੇ ਵਟ੍ਹਸਐਪ ਨੇ ਖ਼ੁਲਾਸਾ ਕੀਤਾ ਹੈ ਕਿ ਇਕ ਅਣਪਛਾਤੀ ਇਕਾਈ ਨੇ ਇਜ਼ਰਾਈਲ ਦੇ ਜਾਸੂਸੀ ਸਾਫ਼ਟਵੇਅਰ ‘ਪੈਗਾਸਸ’ ਦੀ ਵਰਤੋਂ ਕਰਦਿਆਂ ਭਾਰਤੀ ਪੱਤਰਕਾਰਾਂ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਜਾਸੂਸੀ ਕੀਤੀ ਹੈ। ਇਸ ਸਾਫਟਵੇਅਰ ਨਾਲ ਨਾ ਸਿਰਫ਼ ਭਾਰਤੀਆਂ ਬਲਕਿ ਆਲਮੀ ਪੱਧਰ ’ਤੇ ਕਈ ਹੋਰਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਉਂਜ ਇਸ ਖੁਲਾਸੇ ਮਗਰੋਂ ਵਟ੍ਹਸਐਪ ਦਾ ਕਹਿਣਾ ਹੈ ਉਸ ਨੇ ਇਜ਼ਰਾਈਲ ਦੀ ਨਿਗਰਾਨੀ ਫਰਮ ਐੱਨਐੱਸਓ ਗਰੁੱਪ ਖ਼ਿਲਾਫ਼ ਕੈਲੀਫੋਰਨੀਆ ਦੀ ਸੰਘੀ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ। ਉਧਰ ਭਾਰਤ ਸਰਕਾਰ ਨੇ ਵੀ ਵਟ੍ਹਸਐਪ ਤੋਂ ਸੋਮਵਾਰ ਤਕ ਵਿਸਥਾਰਤ ਜਵਾਬ ਮੰਗ ਲਿਆ ਹੈ।
ਮੈਸੇਜਿੰਗ ਸੇਵਾ ਵਟ੍ਹਸਐਪ ਦਾ ਦੋਸ਼ ਹੈ ਕਿ ਐੱਨਐੱਸਓ ਨੇ ਹੀ ਇਹ ਤਕਨੀਕ ਵਿਕਸਤ ਕੀਤੀ ਹੈ, ਜਿਸ ਦੀ ਮਦਦ ਨਾਲ 1400 ਜਣਿਆਂ ਦੇ ਫੋਨਾਂ ਨੂੰ ਕਿਸੇ ਅਣਪਛਾਤੀ ਇਕਾਈ ਨੇ ਹੈਕ ਕੀਤਾ ਹੈ। ਇਹ 1400 ਵਰਤੋਂਕਾਰ ਚਾਰ ਮਹਾਦੀਪਾਂ ਨਾਲ ਸਬੰਧਤ ਹਨ ਤੇ ਇਨ੍ਹਾਂ ਵਿਚ ਪੱਤਰਕਾਰਾਂ ਤੋਂ ਇਲਾਵਾ ਕੂਟਨੀਤਕ, ਸਿਆਸੀ ਤੌਰ ’ਤੇ ਬਾਗ਼ੀ ਹੋਏ ਵਿਅਕਤੀ ਤੇ ਸੀਨੀਅਰ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਇਹ ਸਭ ਕਿਸ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ। ਵਟ੍ਹਸਐਪ ਨੇ ਭਾਰਤ ਵਿੱਚ ਜਾਸੂਸੀ ਸਾਫਟਵੇਅਰ ਦਾ ਨਿਸ਼ਾਨਾ ਬਣਨ ਵਾਲਿਆਂ ਦੀ ਅਸਲ ਗਿਣਤੀ ਅਤੇ ਉਨ੍ਹਾਂ ਦੇ ਨਾਂ ਨਸ਼ਰ ਕਰਨ ਤੋਂ ਟਾਲਾ ਵੱਟਦਿਆਂ ਦੱਸਿਆ ਕਿ ਮਈ ਵਿਚ ਕੰਪਨੀ ਨੇ ਇਕ ਅਜਿਹੇ ਬੇਹੱਦ ਗੁੰਝਲਦਾਰ ਸਾਈਬਰ ਹਮਲੇ ਨੂੰ ਰੋਕਿਆ ਸੀ, ਜੋ ਐਪਲੀਕੇਸ਼ਨ ਦੇ ਵੀਡੀਓ ਕਾਲਿੰਗ ਢਾਂਚੇ ਨਾਲ ਛੇੜਛਾੜ ਕਰ ਰਿਹਾ ਸੀ। ਇਸ ਹਮਲੇ ਦਾ ਮਕਸਦ ਵਰਤੋਂ ਕਰਨ ਵਾਲਿਆਂ ਦੇ ਫੋਨਾਂ ਤੱਕ ਪਹੁੰਚ ਬਣਾਉਣਾ ਸੀ। ਇਸ ਦੌਰਾਨ ਭਾਰਤ ਦੇ ਸੂਚਨਾ ਤਕਨੀਕ ਮੰਤਰਾਲੇ ਨੇ ਇਸ ਸਬੰਧੀ ਵਟ੍ਹਸਐਪ ਤੋਂ ਸੋਮਵਾਰ ਤੱਕ ਵਿਸਤਾਰ ’ਚ ਜਵਾਬ ਤਲ਼ਬ ਕੀਤਾ ਹੈ।
ਸਿਆਸੀ ਇਸ਼ਤਿਹਾਰਾਂ ’ਤੇ ਪਾਬੰਦੀ ਲਾਏਗਾ ਟਵਿੱਟਰ: ਟਵਿੱਟਰ ਦੇ ਮੁੱਖ ਕਾਰਜਕਾਰੀ ਜੈਕ ਡੋਰਸੀ ਨੇ ਅੱਜ ਕਿਹਾ ਕਿ ਉਹ ਅਗਲੇ ਦਿਨਾਂ ਵਿੱਚ ਆਪਣੇ ਮੰਚ ’ਤੇ ਸਿਆਸੀ ਮੁੱਦਿਆਂ ਨਾਲ ਸਬੰਧਤ ਇਸ਼ਤਿਹਾਰਾਂ ’ਤੇ ਪੂਰਨ ਪਾਬੰਦੀ ਲਾਉਣਗੇ। ਡੋਰਸੀ ਨੇ ਕਿਹਾ ਕਿ ਟਵਿੱਟਰ ਦੀ ਇਸ ਨਵੀਂ ਪਾਲਿਸੀ, ਜੋ 22 ਨਵੰਬਰ ਤੋਂ ਅਮਲ ਵਿੱਚ ਆਏਗੀ, ਬਾਰੇ ਤਫ਼ਸੀਲ ਅਗਲੇ ਦਿਨਾਂ ਵਿੱਚ ਨਸ਼ਰ ਕੀਤੀ ਜਾਵੇਗੀ।

Radio Mirchi