ਵਾਦੀ ’ਚ ਮੋਬਾਈਲ ਇੰਟਰਨੈੱਟ ਬੰਦ ਕਰਨ ਮਗਰੋਂ ਮੁੜ ਬਹਾਲ
ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਬਾਨੀ ਮੁਹੰਮਦ ਮਕਬੂਲ ਭੱਟ ਦੀ 26ਵੀਂ ਬਰਸੀ ਮੌਕੇ ਸਥਾਨਕ ਪ੍ਰਸ਼ਾਸਨ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਇਹਤਿਆਤ ਵਜੋਂ ਕਸ਼ਮੀਰ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਸ਼ਾਮ ਸਮੇਂ ਮੁੜ ਬਹਾਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਵੱਖਵਾਦੀ ਜਥੇਬੰਦੀਆਂ ਵੱਲੋਂ ਭੱਟ ਦੀ ਬਰਸੀ ਮੌਕੇ ਦਿੱਤੇ ਬੰਦ ਦੇ ਸੱਦੇ ਕਰਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਇਰਾਦੇ ਨਾਲ ਅੱਜ ਤੜਕੇ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਪਿਛਲੇ ਸਾਲ 5 ਅਗਸਤ ਨੂੰ ਧਾਰਾ 370 ਨੂੰ ਜੰਮੂ ਕਸ਼ਮੀਰ ’ਚੋਂ ਮਨਸੂਖ਼ ਕਰਨ ਮਗਰੋਂ 25 ਜਨਵਰੀ ਨੂੰ ਕਸ਼ਮੀਰ ਵਿਚ 2ਜੀ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਗਈਆਂ ਸਨ। ਇਸ ਤੋਂ ਪਹਿਲਾਂ ਲੰਘੇ ਐਤਵਾਰ ਨੂੰ ਸੰਸਦ ’ਤੇ ਹਮਲੇ ਦੇ ਦੋਸ਼ੀ ਮੁਹੰਮਦ ਅਫ਼ਜ਼ਲ ਗੁਰੂ ਦੀ ਬਰਸੀ ਮੌਕੇ ਵੀ ਵੱਖਵਾਦੀਆਂ ਨੇ ਬੰਦ ਦਾ ਸੱਦਾ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਸ਼ਹਿਰ ਦੀਆਂ ਅਹਿਮ ਥਾਵਾਂ ਤੇ ਵਾਦੀ ਦੇ ਹੋਰਨਾਂ ਹਿੱਸਿਆਂ ਵਿੱਚ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਰਹੇ।