ਵਿਕਾਸ ਦਰ ਘਟੀ ਪਰ ਮੰਦੀ ਨਹੀਂ: ਸੀਤਾਰਾਮਨ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਰਾਜ ਸਭਾ ਵਿੱਚ ਚਰਚਾ ਦੌਰਾਨ ਅਰਥਚਾਰੇ ਦੀ ਧੀਮੀ ਰਫ਼ਤਾਰ ਦੀ ਗੱਲ ਮੰਨੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਆਰਜ਼ੀ ਹਨ ਤੇ ਮਾਰਚ ਤਕ ਇਸ ਵਿੱਚ ਸੁਧਾਰ ਹੋ ਜਾਵੇਗਾ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਮੁਲਕ ਵਿੱਚ ਮੰਦੀ ਦਾ ਕੋਈ ਖ਼ਤਰਾ ਨਹੀਂ ਹੈ।
ਉਨ੍ਹਾਂ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ-2 ਸਰਕਾਰ ਦੇ (2009-2014) ਦੇ ਪੰਜ ਸਾਲਾਂ ਦੇ ਮੁਕਾਬਲੇ ਭਾਜਪਾ ਦੀ ਪਹਿਲੀ ਪਾਰੀ (2014 ਤੋਂ 2019) ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਿੱਚ ਮਹਿੰਗਾਈ ਘਟੀ ਹੈ ਤੇ ਵਿਕਾਸ ਦਰ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ 2009-2014 ਵਿਚਾਲੇ ਵਿਦੇਸ਼ੀ ਪੂੰਜੀ ਨਿਵੇਸ਼ 189.5 ਅਰਬ ਅਮਰੀਕੀ ਡਾਲਰ ਸੀ, ਜਦੋਂ ਕਿ ਭਾਜਪਾ ਦੇ ਪੰਜ ਸਾਲਾਂ ਦੇ ਸ਼ਾਸਨ ਕਾਲ ਵਿੱਚ ਇਹ ਵਧ ਕੇ 283.9 ਅਰਬ ਅਮਰੀਕੀ ਡਾਲਰ ਹੋ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯੂਪੀਏ-2 ਦੇ 304.2 ਅਰਬ ਦੇ ਮੁਕਾਬਲੇ ਭਾਜਪਾ ਸਰਕਾਰ ਸਮੇਂ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 412.6 ਅਰਬ ਅਮਰੀਕੀ ਡਾਲਰ ਹੋਇਆ ਹੈ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਰਾਜ ਸਭਾ ਵਿੱਚ ਅਰਥਚਾਰੇ ਦੇ ਮੁੱਦੇ ’ਤੇ ਕੇਂਦਰ ਸਰਕਾਰ ’ਤੇ ਘੇਰਦਿਆਂ ਕਿਹਾ ਕਿ ਦੇਸ਼ ਡੂੰਘੇ ਆਰਥਿਕ ਸੰਕਟ ਵਲ ਵਧ ਰਿਹਾ ਹੈ। ਲੋਕਾਂ ਕੋਲ ਨਿੱਤ ਵਰਤੋਂ ਦੀਆਂ ਚੀਜ਼ਾਂ ਖਰੀਦਣ ਲਈ ਵੀ ਪੈਸੇ ਨਹੀਂ ਹਨ। ਭਾਜਪਾ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀ ਪੱਕੀ ਨਹੀਂ ਹੈ ਅਤੇ ਮਾਰਚ ਤਕ ਇਸ ਵਿਚ ਸੁਧਾਰ ਹੋਵੇਗਾ।