ਵਿਦੇਸ਼ੀ ਸਫ਼ੀਰਾਂ ਦਾ ਵਫ਼ਦ ਜੰਮੂ ਕਸ਼ਮੀਰ ਦੇ ਦੌਰੇ ’ਤੇ
ਜੰਮੂ ਕਸ਼ਮੀਰ ਵਿਚ ਸਥਿਤੀ ਦੀ ਸਮੀਖ਼ਿਆ ਲਈ 25 ਵਿਦੇਸ਼ੀ ਸਫ਼ੀਰਾਂ ਦਾ ਦੂਜਾ ਵਫ਼ਦ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਦੇ ਦੌਰੇ ’ਤੇ ਗਿਆ ਹੈ। ਇਹ ਅੱਜ ਤੇ ਭਲਕੇ ਯੂਟੀ ’ਚ ਰਹਿਣਗੇ। ਇਸ ਦੌਰੇ ਦਾ ਪ੍ਰਬੰਧ ਕੇਂਦਰ ਸਰਕਾਰ ਵੱਲੋਂ ਹੀ ਕੀਤਾ ਗਿਆ ਸੀ। ਵਿਦੇਸ਼ੀ ਨੁਮਾਇੰਦੇ ਕਰੀਬ 11 ਵਜੇ ਸ੍ਰੀਨਗਰ ਹਵਾਈ ਅੱਡੇ ’ਤੇ ਪੁੱਜੇ ਪਰ ਮਿੱਥੇ ਪ੍ਰੋਗਰਾਮ ਮੁਤਾਬਕ ਉਹ ਖ਼ਰਾਬ ਮੌਸਮ ਕਾਰਨ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਨਹੀਂ ਜਾ ਸਕੇ। ਵਿਦੇਸ਼ੀ ਦੂਤ ਇਸ ਦੌਰਾਨ ਮਸ਼ਹੂਰ ਡੱਲ ਝੀਲ ਵਿਚ ‘ਸ਼ਿਕਾਰੇ’ ਦਾ ਮਜ਼ਾ ਲੈਣ ਚਲੇ ਗਏ। ਸਰਕਾਰ ਪਿਛਲੇ ਮਹੀਨੇ ਵੀ 15 ਦੂਤਾਂ ਨੂੰ ਕਸ਼ਮੀਰ ਲੈ ਕੇ ਗਈ ਸੀ ਤਾਂ ਕਿ ਵਾਦੀ ਵਿਚ ਜਨਜੀਵਨ ਆਮ ਕਰਨ ਲਈ ਚੁੱਕੇ ਕਦਮਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਜਾ ਸਕੇ। ਵਿਰੋਧੀ ਧਿਰਾਂ ਨੇ ਇਸ ਨੂੰ ‘ਸੇਧਿਤ ਦੌਰਾ’ ਕਰਾਰ ਦਿੱਤਾ ਹੈ। ਵਿਦੇਸ਼ੀ ਨੁਮਾਇੰਦੇ ਭਲਕੇ ਜੰਮੂ ਜਾਣਗੇ ਤੇ ਲੈਫ਼ ਗਵਰਨਰ ਜੀ.ਸੀ. ਮੁਰਮੂ ਨਾਲ ਮੁਲਾਕਾਤ ਕਰਨਗੇ। ਸ੍ਰੀਨਗਰ ਵਿਚ ਉਹ ਡੱਲ ਝੀਲ ਕੰਢੇ ਪੰਜ ਤਾਰਾ ਹੋਟਲ ਵਿਚ ਰੁਕੇ ਹੋਏ ਹਨ। ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿਚ ਦੱਸਿਆ ਕਿ ਵਿਦੇਸ਼ੀ ਦੂਤ ਉੱਥੇ ਨੌਜਵਾਨਾਂ, ਸਿਆਸੀ ਆਗੂਆਂ, ਸਥਾਨਕ ਕਾਰੋਬਾਰੀਆਂ ਨੂੰ ਮਿਲਣਗੇ। ਜ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਸਮੂਹ ਬਾਰਾਮੂਲਾ, ਸ੍ਰੀਨਗਰ ਤੇ ਜੰਮੂ ਦਾ ਦੌਰਾ ਕਰੇਗਾ। ਇਨ੍ਹਾਂ ਨੂੰ ਲਾਗੂ ਕੀਤੇ ਵਿਕਾਸ ਪ੍ਰੋਗਰਾਮਾਂ, ਸੁਰੱਖਿਆ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਜਾਵੇਗਾ। ਵਿਦੇਸ਼ ਮੰਤਰਾਲੇ ਮੁਤਾਬਕ ਦੂਤ ਖ਼ੁਦ ਖਿੱਤੇ ’ਚ ਆਮ ਵਾਂਗ ਹੋ ਰਹੀ ਸਥਿਤੀ ਦੀ ਸਮੀਖ਼ਿਆ ਕਰਨਗੇ। ਇਸ ਸਮੂਹ ’ਚ ਅਫ਼ਗਾਨਿਸਤਾਨ, ਆਸਟਰੀਆ, ਬੁਲਗਾਰੀਆ, ਕੈਨੇਡਾ, ਚੈੱਕ ਗਣਰਾਜ, ਡੈੱਨਮਾਰਕ, ਡੌਮੀਨਿਕ ਰਿਪਬਲਿਕ, ਯੂਰੋਪੀਅਨ ਯੂਨੀਅਨ, ਫਰਾਂਸ, ਜਰਮਨੀ, ਇਟਲੀ, ਕੀਨੀਆ ਤੇ ਹੋਰ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹਨ। ਵਾਦੀ ਦਾ ਦੌਰਾ ਕਰ ਰਹੇ ਇਕ ਵਿਦੇਸ਼ੀ ਦੂਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਸ਼ਮੀਰ ’ਚ ‘ਸੈਲਾਨੀ ਵਜੋਂ ਆਇਆ ਹੈ’। ਅਫ਼ਗਾਨਿਸਤਾਨ ਵੱਲੋਂ ਆਏ ਨੁਮਾਇੰਦੇ ਤਾਹਿਰ ਕਾਦਰੀ ਨੇ ਟਵੀਟ ਕੀਤਾ ਕਿ ਕਸ਼ਮੀਰ ਦੇ ਲੋਕਾਂ ਦੀ ਮਹਿਮਾਨਨਿਵਾਜ਼ੀ ਤੋਂ ਉਹ ਪ੍ਰਭਾਵਿਤ ਹੋਏ ਹਨ। ਪੱਤਰਕਾਰਾਂ ਨਾਲ ਮੁਲਾਕਾਤ ਤੋਂ ਬਾਅਦ ਕਾਦਰੀ ਨੇ ਕਿਹਾ ਕਿ ਮੀਡੀਆ ਕਰਮੀ ਸਰਕਾਰ ਤੋਂ ਇੰਟਰਨੈੱਟ ਬਰੌਡਬੈਂਡ ਪਾਬੰਦੀ ਹਟਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੂੰ ਰਿਪੋਰਟ ਤੇ ਬਰਾਡਕਾਸਟ ਕਰਨ ’ਚ ਮੁਸ਼ਕਲ ਆ ਰਹੀ ਹੈ। ਉੱਧਰ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੈਫ਼ੂਦੀਨ ਸੋਜ਼ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਿਦੇਸ਼ੀ ਦੂਤਾਂ ਨੂੰ ਤਿੰਨ ਸਾਬਕਾ ਮੁੱਖ ਮੰਤਰੀਆਂ ਨਾਲ ਮਿਲਣ ਦੀ ਮਨਜ਼ੂਰੀ ਦਿੱਤੀ ਜਾਵੇ।