ਵਿਧਾਨ ਸਭਾ ’ਚ ਗੂੰਜੇ ਆਸ਼ੂ ਤੇ ਕਾਨੂੰਨ-ਵਿਵਸਥਾ ਦੇ ਮੁੱਦੇ

ਵਿਧਾਨ ਸਭਾ ’ਚ ਗੂੰਜੇ ਆਸ਼ੂ ਤੇ ਕਾਨੂੰਨ-ਵਿਵਸਥਾ ਦੇ ਮੁੱਦੇ

ਪੰਜਾਬ ਵਿਧਾਨ ਸਭਾ ਵਿੱਚ ਅੱਜ ਸੂਬੇ ਦੀ ਕਾਨੂੰਨ-ਵਿਵਸਥਾ, ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਵਿਵਾਦਤ ਵੀਡੀਓ ਅਤੇ ਬੱਸ ਮਾਫ਼ੀਆ ਦੇ ਮੁੱਦੇ ’ਤੇ ਰੌਲਾ-ਰੱਪਾ ਪਿਆ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਆਸ਼ੂ ਦੀ ਵਾਇਰਲ ਹੋਈ ਵੀਡੀਓ ਵਿੱਚ ਮੰਤਰੀ ਵੱਲੋਂ ਦਲਿਤ ਭਾਈਚਾਰੇ ਬਾਰੇ ਇਤਰਾਜ਼ਯੋਗ ਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਵਿਰੋਧੀ ਧਿਰ ਨੇ ਮੰਤਰੀ ਨੂੰ ਅਹੁਦੇ ਤੋਂ ਲਾਹੁਣ ਦੀ ਮੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਆਸ਼ੂ ਨੂੰ ਬਚਾਅ ਰਹੇ ਹਨ। ਵਿਰੋਧੀ ਧਿਰ ਨੇ ਕਿਹਾ ਕਿ ਪਹਿਲਾਂ ਸੀਐੱਲਯੂ, ਫਿਰ ਡੀ.ਐੱਸ.ਪੀ. ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਅਤੇ ਹੁਣ ਦਲਿਤ ਭਾਈਚਾਰੇ ਪ੍ਰਤੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਜਿਹੇ ਵਿਵਾਦਾਂ ਨੂੰ ਸਰਸਰੀ ਨਹੀਂ ਮੰਨਿਆ ਜਾ ਸਕਦਾ। ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪਾਰਟੀ ਦੇ ਮੰਤਰੀ ਦਾ ਬਚਾਅ ਕਰਨ ਦਾ ਯਤਨ ਕੀਤਾ। ਵੜਿੰਗ ਨੂੰ ਇਸ ਮਾਮਲੇ ’ਤੇ ਬੋਲਣ ਤੋਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਰੋਕ ਦਿੱਤਾ। ਆਪ ਦੇ ਵਿਧਾਇਕਾਂ ਨੇ ਇਸ ਮਾਮਲੇ ’ਤੇ ਸਦਨ ਵਿੱਚੋਂ ਵਾਕਆਊਟ ਕੀਤਾ ਅਤੇ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਭਾਰਤ ਭੂਸ਼ਨ ਆਸ਼ੂ ਨੇ ਸਫ਼ਾਈ ਦਿੰਦਿਆਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਵੱਲੋਂ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੀ ਸਫ਼ਾਈ ਅਤੇ ਕੂੜਾ ਚੁੱਕਣ ਦਾ ਕੰਮ ‘ਏਟੂਜ਼ੈੱਡ’ ਨਾਂ ਦੀ ਜਿਸ ਕੰਪਨੀ ਨੂੰ ਦਿੱਤਾ ਹੋਇਆ ਹੈ, ਉਸ ਕੰਪਨੀ ਦੇ ਕੰਮ ਸਬੰਧੀ ਹੀ ਗੱਲਬਾਤ ਚੱਲ ਰਹੀ ਸੀ। ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਬਾਦਲ ਪਰਿਵਾਰ ਨਾਲ ਸਬੰਧਤ ਟਰਾਂਸਪੋਰਟ ਕੰਪਨੀ ‘ਇੰਡੋ-ਕੈਨੇਡੀਅਨ’ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਸਾਲ ਪਹਿਲਾਂ ਤਿਆਰ ਕੀਤੀ ਟਰਾਂਸਪੋਰਟ ਨੀਤੀ ਜਲਦੀ ਲਾਗੂ ਹੋਣੀ ਚਾਹੀਦੀ ਹੈ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਜੇਕਰ ਅਦਾਲਤ ਵੱਲੋਂ ਇਸ ਟਰਾਂਸਪੋਰਟ ਨੀਤੀ ’ਤੇ ਕੋਈ ਰੋਕ ਲਾਈ ਹੋਈ ਹੈ ਤਾਂ ਐਡਵੋਕੇਟ ਜਨਰਲ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਜ਼ੀਰਾ ਨੇ ਕਿਹਾ ਕਿ ਕੰਪਨੀ ਦੀਆਂ ਬੱਸਾਂ ਵੱਲੋਂ ਵਾਧੂ ਕਿਰਾਇਆ ਵਸੂਲ ਕੀਤਾ ਜਾਂਦਾ ਹੈ। ਅਕਾਲੀ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਦੀ ਪੁਲੀਸ ਤਸ਼ੱਦਦ ਕਾਰਨ ਮੌਤ ਹੋ ਗਈ ਤੇ ਪੀੜਤ ਪਰਿਵਾਰ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਪਿਛਲੇ 5 ਦਿਨਾਂ ਤੋਂ ਲਾਸ਼ ਦਾ ਸਸਕਾਰ ਤੱਕ ਨਹੀਂ ਕੀਤਾ ਗਿਆ ਪਰ ਪ੍ਰਸ਼ਾਸਨ ਐਨਾ ਜ਼ਿਆਦਾ ਬੇਪਰਵਾਹ ਹੋ ਗਿਆ ਹੈ ਕਿ ਪੀੜਤਾਂ ਦੀ ਫ਼ਰਿਆਦ ਨਹੀਂ ਸੁਣੀ ਜਾ ਰਹੀ।
ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਵੀ ਦੋਸ਼ ਲਾਇਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਲੀਹ ਤੋਂ ਲਹਿ ਚੁੱਕੀ ਹੈ। ਵਿਧਾਇਕ ਨੇ ਲੁਧਿਆਣਾ ਸ਼ਹਿਰ ’ਚ ਸੀਆਈਏ ਸਟਾਫ਼ ਸਾਹਮਣਿਓਂ 35 ਕਿੱਲੋ ਸੋਨਾ ਦਿਨ-ਦਿਹਾੜੇ ਲੁੱਟੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਪੁਲੀਸ ਸੁਰਾਗ ਨਹੀਂ ਲਾ ਸਕੀ। ਵਿਧਾਇਕ ਨੇ ਕਿਹਾ ਕਿ ਇੱਕ ਵਿਅਕਤੀ ਦਾ ਅਦਾਲਤ ਵੱਲੋਂ ਨਿਆਂਇਕ ਰਿਮਾਂਡ ਦਿੱਤੇ ਜਾਣ ਤੋਂ ਬਾਅਦ ਵੀ ਪੁਲੀਸ ਹਿਰਾਸਤ ਵਿੱਚ ਰੱਖਿਆ ਗਿਆ ਤੇ ਮੌਤ ਹੋ ਗਈ ਪਰ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ। ਵਿਧਾਇਕ ਬੈਂਸ ਤੇ ਐੱਨ.ਕੇ. ਸ਼ਰਮਾ ਨੇ ਰੇਤ ਮਾਫ਼ੀਆ ਦੇ ਮੁੱਦੇ ’ਤੇ ਵੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ।

Radio Mirchi