ਵਿਧਾਨ ਸਭਾ ’ਚ ਵਿਰੋਧੀ ਧਿਰ ਨੇ ਡੀਜੀਪੀ ਤੇ ਆਸ਼ੂ ਦੀ ਬਰਖ਼ਾਸਤਗੀ ਮੰਗੀ

ਵਿਧਾਨ ਸਭਾ ’ਚ ਵਿਰੋਧੀ ਧਿਰ ਨੇ ਡੀਜੀਪੀ ਤੇ ਆਸ਼ੂ ਦੀ ਬਰਖ਼ਾਸਤਗੀ ਮੰਗੀ

ਪੰਜਾਬ ਵਿਧਾਨ ਸਭਾ ਵਿੱਚ ਅੱਜ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਸਦਨ ’ਚ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਪ੍ਰਸ਼ਨ ਕਾਲ ਵਿੱਚ ਵਿਘਨ ਪਾਉਣ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਧਾਇਕਾਂ ਨੇ ਡੀਜੀਪੀ ਅਤੇ ਮੰਤਰੀ ਨੂੰ ਗੱਦੀਆਂ ਲਾਹੁਣ ਦੀ ਮੰਗ ਕਰਦਿਆਂ ਸਰਕਾਰ ਅਤੇ ਦੋਵਾਂ ਦਾ ਨਾਂ ਲੈ ਕੇ ਨਾਅਰੇਬਾਜ਼ੀ ਕੀਤੀ। ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸ਼ਾਂਤ ਕਰਨ ਦੇ ਕਈ ਯਤਨ ਕੀਤੇ। ਸਪੀਕਰ ਨੇ ਕਿਹਾ ਕਿ ਸਦਨ ਦੇ ਨੇਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਗ਼ੈਰ-ਮੌਜੂਦਗੀ ਕਾਰਨ ਭਲਕੇ ਸਦਨ ਵਿੱਚ ਸਰਕਾਰ ਵੱਲੋਂ ਮੁੱਖ ਮੰਤਰੀ ਬਿਆਨ ਦੇ ਦੇਣਗੇ ਪਰ ਵਿਰੋਧੀ ਧਿਰ ਨੇ ਇਹ ਮੰਗ ਸਵੀਕਾਰ ਨਾ ਕੀਤੀ। ‘ਆਪ’ ਅਤੇ ਅਕਾਲੀਆਂ ਦੇ ਵਿਰੋਧ ਕਾਰਨ ਸਪੀਕਰ ਨੂੰ ਸਦਨ ਦੀ ਕਾਰਵਾਈ ਤਿੰਨ ਵਾਰੀ ਮੁਲਤਵੀ ਕਰਨੀ ਪਈ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਪੁਲੀਸ ਮੁਖੀ ਵੱਲੋਂ ਕੀਤੀ ਬਿਆਨਬਾਜ਼ੀ ਬੇਹੱਦ ਗੰਭੀਰ ਮੁੱਦਾ ਹੈ ਤੇ ਸਰਕਾਰ ਨੂੰ ਤੁਰੰਤ ਪੁਲੀਸ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸੇ ਸਦਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਹੋਇਆ ਤੇ ਹੁਣ ਜਦ ਇੱਕ ਪੁਲੀਸ ਅਧਿਕਾਰੀ ਨੇ ਕਰਤਾਰਪੁਰ ਦੇ ਸ਼ਰਧਾਲੂਆਂ ’ਤੇ ਸਵਾਲ ਖੜ੍ਹੇ ਕੀਤੇ ਹਨ ਤਾਂ ਕਾਂਗਰਸ ਜਵਾਬ ਵੀ ਨਹੀਂ ਦੇ ਰਹੀ। ਅਕਾਲੀ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਦਹਾਕਿਆਂ ਤੋਂ ਸਿੱਖਾਂ ਵੱਲੋਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਲਈ ਕੀਤੀ ਜਾਂਦੀ ਅਰਦਾਸ ਪੂਰੀ ਹੋਈ ਹੈ ਪਰ ਸਰਕਾਰ ਵੱਲੋਂ ਇੱਕ ਸਾਜਿਸ਼ ਤਹਿਤ ਇਹ ਲਾਂਘਾ ਬੰਦ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸਦਨ ਵਿੱਚ ਵਿਰੋਧੀ ਧਿਰ ਅਤੇ ਹਾਕਮ ਧਿਰ ਦੇ ਮੈਂਬਰਾਂ ਦਰਮਿਆਨ ਸਿੱਧਾ ਤਕਰਾਰ ਵੀ ਹੋਇਆ। ਵਿਰੋਧੀ ਧਿਰ ਦੇ ਨੇਤਾ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਪੁਲੀਸ ਦੇ ਇੱਕ ਡੀਐਸਪੀ ਵੱਲੋਂ ਜੋ ਤੱਥ ਸਾਹਮਣੇ ਲਿਆਂਦੇ ਗਏ ਹਨ ਉਹ ਬੇਹੱਦ ਸੰਗੀਨ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋੋਂ ਆਸ਼ੂ ਨੂੰ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਵਿਰੋਧੀ ਧਿਰ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਧਾਨ ਸਭਾ ਦੇ ਬਾਹਰ ਡੀਜੀਪੀ ਤੇ ਮੰਤਰੀ ਆਸ਼ੂ ਦੇ ਨਾਂ ਵਾਲੀਆਂ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ। ਭਲਕੇ ਵੀ ਇਸ ਮਾਮਲੇ ’ਤੇ ਹੰਗਾਮਾ ਹੋਣ ਦੀ ਸੰਭਾਵਨਾ ਹੈ।

Radio Mirchi