ਵਿਧਾਨਕ ਫ਼ੈਸਲਿਆਂ ਖ਼ਿਲਾਫ਼ ਪ੍ਰਦਰਸ਼ਨ ਬਦਅਮਨੀ: ਮੋਦੀ

ਵਿਧਾਨਕ ਫ਼ੈਸਲਿਆਂ ਖ਼ਿਲਾਫ਼ ਪ੍ਰਦਰਸ਼ਨ ਬਦਅਮਨੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ਬਰਦਾਰ ਕੀਤਾ ਹੈ ਕਿ ਸੰਸਦ ਅਤੇ ਵਿਧਾਨ ਸਭਾਵਾਂ ਦੇ ਫ਼ੈਸਲਿਆਂ ਖ਼ਿਲਾਫ਼ ਸੜਕਾਂ ’ਤੇ ਪ੍ਰਦਰਸ਼ਨ ਅਤੇ ਅੱਗਜ਼ਨੀ ਤੇ ਲੋਕਾਂ ਵੱਲੋਂ ਕਾਨੂੰਨ ਮੰਨਣ ਤੋਂ ਇਨਕਾਰ ਕਰਨ ਨਾਲ ਬਦਅਮਨੀ ਫੈਲੇਗੀ। ਉਨ੍ਹਾਂ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ’ਤੇ ਦੋਸ਼ ਲਾਇਆ ਕਿ ਉਹ ਸੀਏਏ ਅਤੇ ਐੱਨਪੀਆਰ ਖ਼ਿਲਾਫ਼ ਲੋਕਾਂ ਨੂੰ ਭੜਕਾ ਰਹੀਆਂ ਹਨ। ਨਾਗਰਿਕਤਾ ਸੋਧ ਐਕਟ ਅਤੇ ਕੌਮੀ ਅਬਾਦੀ ਰਜਿਸਟਰ ਦਾ ਜ਼ੋਰਦਾਰ ਢੰਗ ਨਾਲ ਬਚਾਅ ਕਰਦਿਆਂ ਸ੍ਰੀ ਮੋਦੀ ਨੇ ਸੰਸਦ ’ਚ ਕਿਹਾ ਕਿ ਪ੍ਰਦਰਸ਼ਨਾਂ ਦੀ ਆੜ ਹੇਠ ਗ਼ੈਰਜਮਹੂਰੀ ਸਰਗਰਮੀਆਂ ਛਿਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਇਸ ਤੋਂ ਕਿਸੇ ਨੂੰ ਵੀ ਕੋਈ ਸਿਆਸੀ ਲਾਹਾ ਨਹੀਂ ਮਿਲੇਗਾ। ਵਿਰੋਧੀ ਧਿਰ ਦੇ ਸੀਏਏ ਬਾਰੇ ਸਟੈਂਡ ਦੀ ਤੁਲਨਾ ਪਾਕਿਸਤਾਨ ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਇਸਲਾਮਾਬਾਦ ਵੀ ਭਾਰਤੀ ਮੁਸਲਮਾਨਾਂ ਨੂੰ ਭੜਕਾਉਣ ਲਈ ਕਈ ਦਹਾਕਿਆਂ ਤੋਂ ਇਹੋ ਬੋਲੀ ਬੋਲ ਰਿਹਾ ਹੈ।
ਸ੍ਰੀ ਮੋਦੀ ਨੇ ਵਿਰੋਧੀ ਧਿਰ ਵੱਲੋਂ ਲੋਕ ਸਭਾ ਅਤੇ ਰਾਜ ਸਭਾ ’ਚ ਕੀਤੀ ਲੰਬੀ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੂੰ ਲੋਕਾਂ ਨੇ ਚੋਣਾਂ ’ਚ ਨਕਾਰ ਦਿੱਤਾ ਹੈ ਉਹ ਆਪਣੀ ‘ਵੋਟ ਬੈਂਕ ਸਿਆਸਤ’ ਲਈ ਸੀਏਏ ਅਤੇ ਐੱਨਪੀਆਰ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਹਵਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੀਏਏ ਨਾਲ ਕਿਸੇ ਭਾਰਤੀ ਵਿਅਕਤੀ ਦੀ ਨਾਗਰਿਕਤਾ ’ਤੇ ਅਸਰ ਨਹੀਂ ਪਵੇਗਾ ਅਤੇ ਐੱਨਪੀਆਰ ਦਾ ਵਿਰੋਧ ਕਰਕੇ ਗਰੀਬਾਂ ਨੂੰ ਭਲਾਈ ਯੋਜਨਾਵਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਰਦਮਸ਼ੁਮਾਰੀ ਅਤੇ ਐੱਨਪੀਆਰ ‘ਆਮ ਪ੍ਰਸ਼ਾਸਕੀ’ ਪ੍ਰਕਿਰਿਆਵਾਂ ਹਨ ਜਿਨ੍ਹਾਂ ’ਤੇ ਪਹਿਲਾਂ ਵੀ ਕੰਮ ਹੋ ਚੁੱਕਿਆ ਹੈ ਪਰ ਹੁਣ ਇਹ ਅਚਾਨਕ ਹੀ ਵਿਵਾਦਤ ਬਣ ਗਈਆਂ ਹਨ। ਸ੍ਰੀ ਮੋਦੀ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਹੋਈ ਬਹਿਸ ਦਾ ਲੋਕ ਸਭਾ ਅਤੇ ਰਾਜ ਸਭਾ ’ਚ ਜਵਾਬ ਦੇ ਰਹੇ ਸਨ। ਬਾਅਦ ’ਚ ਦੋਵੇਂ ਸਦਨਾਂ ’ਚ ਮਤਾ ਪਾਸ ਹੋ ਗਿਆ।
ਵਿਰੋਧੀ ਧਿਰ ਵੱਲੋਂ ਉਨ੍ਹਾਂ ’ਤੇ ਫਿਰਕੂ ਸਿਆਸਤ ਕਰਨ ਅਤੇ ਹਿੰਦੂ ਰਾਸ਼ਟਰ ਬਣਾਉਣ ਦੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਜਵਾਹਰਲਾਲ ਨਹਿਰੂ ਦੇ ਬਿਆਨਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਸ੍ਰੀ ਨਹਿਰੂ ਨੇ ਵੀ ਕਾਨੂੰਨ ਦੀ ਹਮਾਇਤ ਕੀਤੀ ਸੀ ਅਤੇ ਉਹ ਵੀ ਪਾਕਿਸਤਾਨ ਤੋਂ ਆਏ ਘੱਟ ਗਿਣਤੀ ਲੋਕਾਂ ਲਈ ਨਾਗਰਿਕਤਾ ਚਾਹੁੰਦੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਨਹਿਰੂ ਉਸ ਸਮੇਂ ਦੇ ਪੱਛਮੀ ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ’ਚ ਘੱਟ ਗਿਣਤੀਆਂ ਦੀ ਰਾਖੀ ਕਰਨਾ ਚਾਹੁੰਦੇ ਸਨ। ‘ਮੈਂ ਕਾਂਗਰਸ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ (ਨਹਿਰੂ) ਫਿਰਕੂ ਸਨ। ਕੀ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਸਨ?’ ਸ੍ਰੀ ਮੋਦੀ ਨੇ ਕਸ਼ਮੀਰ, ਅਰਥਚਾਰੇ, ਬੇਰੁਜ਼ਗਾਰੀ ਅਤੇ ਕਿਸਾਨੀ ਸੰਕਟ ਦੇ ਮੁੱਦਿਆਂ ਨੂੰ ਵੀ ਛੋਹਿਆ। ਜੰਮੂ ਕਸ਼ਮੀਰ ਨੂੰ ‘ਹਿੰਦ ਦਾ ਤਾਜ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ 1990 ’ਚ ਕਸ਼ਮੀਰੀ ਪੰਡਤਾਂ ਨੂੰ ਸੂਬੇ ’ਚੋਂ ਉਜਾੜਿਆ ਗਿਆ ਸੀ ਤਾਂ ਕਸ਼ਮੀਰ ਦੀ ਪਛਾਣ ਦਫ਼ਨ ਹੋ ਗਈ ਸੀ। ਕਾਂਗਰਸ ਨੂੰ ਜ਼ਿੰਮੇਵਾਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਗਲਤ ਮੋੜ ਲੈ ਲਿਆ ਹੈ। ਸੰਸਦ ਵੱਲੋਂ ਪਾਸ ਕੀਤੇ ਗਏ ਸੀਏਏ ਦਾ ਜ਼ਿਕਰ ਕਰਦਿਆਂ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਦੱਸਿਆ ਕਿ ਜਿਹੜਾ ਰਾਹ ਉਨ੍ਹਾਂ ਫੜਿਆ ਹੈ, ਉਹ ਚਿੰਤਾਜਨਕ ਹੈ। ‘ਜੇਕਰ ਰਾਜਸਥਾਨ ਅਸੈਂਬਲੀ ਵੱਲੋਂ ਲਏ ਗਏ ਫ਼ੈਸਲੇ ਨੂੰ ਲੋਕ ਮੰਨਣ ਤੋਂ ਇਨਕਾਰ ਕਰ ਦੇਣ ਅਤੇ ਧਰਨੇ ਦੇਣ ਤੇ ਅੱਗਜ਼ਨੀ ਕਰਨ ਲੱਗ ਪੈਣ ਤਾਂ ਕੀ ਹੋਵੇਗਾ?’ ਸ੍ਰੀ ਮੋਦੀ ਨੇ ਇਹੋ ਮਿਸਾਲ ਮੱਧ ਪ੍ਰਦੇਸ਼ ਦੀ ਵੀ ਦਿੱਤੀ। ਕਾਂਗਰਸ ਇਨ੍ਹਾਂ ਦੋਵੇਂ ਸੂਬਿਆਂ ’ਚ ਸੱਤਾ ’ਤੇ ਕਾਬਜ਼ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਮੁਲਕ ਬਾਰੇ ਫਿਕਰਮੰਦ ਹੋਣਾ ਚਾਹੀਦਾ ਹੈ। ‘ਤੁਹਾਡੇ ਕੰਮਾਂ ਕਰਕੇ ਹੀ ਲੋਕਾਂ ਨੇ ਤੁਹਾਨੂੰ ਇਥੇ ਭੇਜਿਆ ਹੈ। ਹਰ ਕਿਸੇ ਨੂੰ ਆਪਣਾ ਵਿਚਾਰ ਰੱਖਣ ਦਾ ਅਧਿਕਾਰ ਹੈ ਪਰ ਝੂਠ ਅਤੇ ਅਫ਼ਵਾਹਾਂ ਫੈਲਾ ਕੇ ਕੁਝ ਵੀ ਠੀਕ ਨਹੀਂ ਹੋਣ ਵਾਲਾ ਹੈ। ਸੰਵਿਧਾਨ ਦਾ ਸਤਿਕਾਰ ਕਰੋ।’ ਸਰਕਾਰ ’ਤੇ ਸੰਵਿਧਾਨ ਦੀ ਉਲੰਘਣਾ ਕਰਨ ਦੇ ਲਾਏ ਗਏ ਦੋਸ਼ਾਂ ’ਤੇ ਕਾਂਗਰਸ ਉਪਰ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਾਰਟੀ ‘ਸੰਵਿਧਾਨ ਬਚਾਉਣ’ ਦਾ ਦਿਨ ’ਚ 100 ਵਾਰ ਜਾਪ ਕਰੇ ਤਾਂ ਜੋ ਉਸ ਨੂੰ ਇਸ ਦੀ ਪਵਿੱਤਰਤਾ ਯਾਦ ਰਹੇ।

Radio Mirchi