ਵਿਰੋਧੀ ਧਿਰ ਨੇ ਕਿਸਾਨਾਂ ਦੇ ਮੁੱਦੇ ’ਤੇ ਸਰਕਾਰ ਘੇਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਨੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ ਸਰਕਾਰ ਨੂੰ ਘੇਰਿਆ। ਹਾਲਾਂਕਿ ਰਾਜ ਸਭਾ ਵਿੱਚ ਵਿਰੋਧੀ ਧਿਰਾਂ ਨੇ ਜੰਮ ਕੇ ਮੋਦੀ ਸਰਕਾਰ ਨੂੰ ਰਗੜੇ ਲਾਏ ਤੇ ਖਰੀਆਂ ਖਰੀਆਂ ਸੁਣਾਈਆਂ। ਵਿਰੋਧੀ ਪਾਰਟੀਆਂ ਨੇ ਇਥੋਂ ਤੱਕ ਆਖ ਦਿੱਤਾ ਕਿ ਸਰਕਾਰ ਕਿਸੇ ਦੀ ਵੀ ਗੱਲ ਸੁਣਨ ਦਾ ਸਬਰ ਗੁਆ ਚੁੱਕੀ ਹੈ ਤੇ ਹਰੇਕ ਵਿਰੋਧੀ ਸੁਰ ਨੂੰ ਦੇਸ਼-ਵਿਰੋਧੀ ਪੁੱਠ ਚਾੜ੍ਹ ਕੇ ‘ਖਾਲਿਸਤਾਨੀ’, ‘ਨਕਸਲੀ’ ਤੇ ‘ਪਾਕਿਸਤਾਨੀ ਏਜੰਟਾਂ’ ਵਰਗੇ ਲਕਬ ਦਿੱਤੇ ਜਾ ਰਹੇ ਹਨ। ਸੰਸਦ ਮੈਂਬਰਾਂ ਨੇ ਕਿਹਾ ਕਿ ਸਰਕਾਰਾਂ ਫ਼ਾਸਲੇ ਘਟਾਉਣ ਲਈ ਹੁੰਦੀਆਂ ਹਨ, ਪਰ ਮੋਦੀ ਸਰਕਾਰ ਸ਼ਾਇਦ ਕੰਧਾਂ ਉਸਾਰਨ ਭਾਵ ਵੰਡੀਆਂ ਪਾਉਣ ਵਿੱਚ ਯਕੀਨ ਰੱਖਦੀ ਹੈ। ਮੈਂਬਰਾਂ ਨੇ ਨੋਟਬੰਦੀ ਲਈ ਵੀ ਮੋਦੀ ਸਰਕਾਰ ਨੂੰ ਘੇਰਿਆ। ਉਧਰ ਲੋਕ ਸਭਾ ਵਿੱਚ ਵਿਰੋਧੀ ਧਿਰਾਂ ਅੱਜ ਲਗਾਤਾਰ ਤੀਜੇ ਦਿਨ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ’ਤੇ ਵੱਖਰੀ ਚਰਚਾ ਦੀ ਆਪਣੀ ਮੰਗ ’ਤੇ ਕਾਇਮ ਰਹੀਆਂ, ਜਿਸ ਕਰਕੇ ਹੇਠਲੇ ਸਦਨ ਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਉਂਜ ਸਦਨ ਦੀ ਕਾਰਵਾਈ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਿੱਥੇ ਸਵਾਲਾਂ ਦੇ ਜਵਾਬ ਦਿੱਤੇ, ਉਥੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਆਪਣੇ ਮੰਤਰਾਲੇ ਨਾਲ ਸਬੰਧਤ ਬਿੱਲ ਸਦਨ ਵਿੱਚ ਰੱਖਿਆ। ਬਜਟ ਇਜਲਾਸ ਦੇ ਤੀਜੇ ਦਿਨ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਪੇਸ਼ ਧੰਨਵਾਦ ਮਤੇ ’ਤੇ ਹੋਈ ਬਹਿਸ ਦੌਰਾਨ ਰਾਸ਼ਟਰੀ ਜਨਤਾ ਦਲ ਆਰਜੇਡੀ ਆਗੂ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਸਰਕਾਰ ਵਿੱਚ ਹੁਣ ਕਿਸੇ ਦੀ ਗੱਲ ਸੁਣਨ ਜਿੰਨਾ ਵੀ ਸਬਰ ਨਹੀਂ ਰਿਹਾ। ਉਨ੍ਹ੍ਵਾਂ ਕਿਹਾ ਕਿ ਹਰ ਤਰ੍ਹਾਂ ਦੇ ਵਿਰੋਧ/ਨੁਕਤਾਚੀਨੀ ਨੂੰ ਦੇਸ਼ ਵਿਰੋਧੀ ਰੰਗਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਸਾਨਾਂ ਦੀ ਪੀੜ ਨੂੰ ਸਮਝੋ। ਅਤਿ ਦੀ ਠੰਢ ਵਿੱਚ ਤੁਸੀਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ, ਪਖਾਨੇ ਦੀ ਸਹੂਲਤ ਬੰਦ ਕਰ ਦਿੱਤੀ, ਖੱਡਾਂ ਪੁੱਟ ਸੁੱਟੀਆਂ, ਚਾਰ ਚੁਫ਼ੇਰੇ ਕੰਡਿਆਲੀ ਵਾੜਾਂ ਲਾ ਦਿੱਤੀਆਂ ਤੇ ਸੜਕਾਂ ’ਤੇ ਮੇਖਾਂ ਗੱਡੀਆਂ ਜਾ ਰਹੀਆਂ ਹਨ। ਅਜਿਹਾ ਵਤੀਰਾ ਅਪਣਾਉਣ ਬਾਰੇ ਤਾਂ ਅਸੀਂ ਆਪਣੇ ਗੁਆਂਢੀ ਮੁਲਕ, ਜੋ ਅੰਦਰ (ਭਾਰਤੀ ਖੇਤਰ) ਆਣ ਵੜਿਆ ਹੈ, ਬਾਰੇ ਵੀ ਨਹੀਂ ਸੁਣਿਆ।’ ਪੌਪ ਸਟਾਰ ਰਿਹਾਨਾ ਵੱਲੋਂ ਕੀਤੇ ਟਵੀਟ ਦੇ ਹਵਾਲੇ ਨਾਲ ਝਾਅ ਨੇ ਕਿਹਾ ਕਿ ਇਕ ਟਵੀਟ ਨਾਲ ਜਮਹੂਰੀਅਤ ਕਮਜ਼ੋਰ ਹੋਣ ਵਾਲੀ ਨਹੀਂ, ਪਰ ਸਰਕਾਰ ਦੇ ਰਵੱਈਏ ਨਾਲ ਜ਼ਰੂਰ ਹੋ ਸਕਦੀ ਹੈ।
ਆਰਜੇਡੀ ਆਗੂ ਨੇ ਅਡਾਨੀ ਗਰੁੱਪ ਜਿਹੇ ਪ੍ਰਾਈਵੇਟ ਕਾਰਪੋਰੇਟਾਂ ਵੱਲੋਂ ਉਸਾਰੀਆਂ ਕੋਲਡ ਸਟਰੋਜ ਚੇਨਾਂ ਤੇ ਗੋਦਾਮਾਂ ਦੇ ਹਵਾਲੇ ਨਾਲ ਕਿਹਾ, ‘ਤੁਹਾਡੀ ਰੀੜ੍ਹ ਦੀ ਹੱਡੀ ਕਿਸਾਨ ਹਨ। 303 ਸੀਟਾਂ (ਪਿਛਲੀਆਂ ਚੋਣਾਂ ’ਚ) ਕੋਲਡ ਸਟੋਰਾਂ ਜਾਂ ਗੋਦਾਮਾਂ ’ਚੋਂ ਨਹੀਂ ਆਈਆਂ ਬਲਕਿ ਇਨ੍ਹਾਂ ਲੋਕਾਂ ਨੇ ਦਿੱਤੀਆਂ ਹਨ। ਅਸੀਂ ਤੁਹਾਡੀ ਹਮਾਇਤ ਕਰਦੇ ਹਾਂ, ਪਰ ਤੁਹਾਡੇ ਖ਼ਿਲਾਫ਼ ਉੱਠਣ ਵਾਲੀ ਹਰ ਆਵਾਜ਼ ਦੇਸ਼ ਵਿਰੋਧੀ ਨਹੀਂ ਹੈ। ਦੇਸ਼ ਭਗਤੀ ਬਾਹਾਂ ਚੜ੍ਹਾਉਣਾ ਨਹੀਂ ਬਲਕਿ ਦਿਲ ਵਿੱਚ ਹੁੰਦੀ ਹੈ।’ ਸਰਕਾਰ ਵੱਲੋਂ ਕਿਸਾਨਾਂ ਨਾਲ ਹੁਣ ਤੱਕ 11 ਗੇੜਾਂ ਦੀ ਗੱਲਬਾਤ ਹੋਣ ਦੇ ਦਿੱਤੇ ਬਿਆਨ ਦੇ ਹਵਾਲੇ ਨਾਲ ਝਾਅ ਨੇ ਕਿਹਾ ਕਿ ਸਰਕਾਰ ਸੰਵਾਦ ਵਿੱਚ ਨਹੀਂ ਇਕਪਾਸੜ ਕਾਰਵਾਈ ਵਿੱਚ ਯਕੀਨ ਰੱਖਦੀ ਹੈ।’ ਬਹਿਸ ਵਿੱਚ ਹਿੱਸਾ ਲੈਂਦਿਆਂ ਕਾਂਗਰਸ ਦੇ ਦਿਗਵਿਜੈ ਸਿੰਘ ਨੇ ਨੋਟਬੰਦੀ ਤੋਂ ਲੈ ਕੇ ਸੀਏਏ (ਨਾਗਰਿਕਤਾ ਸੋਧ ਐਕਟ) ਤੱਕ ਕੀਤੀਆਂ ਬੱਜਰ ਗ਼ਲਤੀਆਂ ਲਈ ਭਾਜਪਾ ਸਰਕਾਰ ਨੂੰ ਘੇਰਿਆ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਨੋਟਬੰਦੀ ਨੂੰ ਜਥੇਬੰਦਕ ਲੁੱਟ ਤੇ ਕਾਨੂੰਨੀ ਰੂਪ ’ਚ ਕੀਤੀ ਬੱਜਰ ਗ਼ਲਤੀ ਕਰਾਰ ਦਿੱਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਤੇ ਜੇਡੀਐੱਸ ਆਗੂ ਐੱਚ.ਡੀ.ਦੇਵੇਗੌੜਾ ਨੇ ਵੀ ਕਿਸਾਨਾਂ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਦੱਸਿਆ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਪਿੱਛੇ ਸ਼ਰਾਰਤੀ ਦੇ ਦੇਸ਼ ਵਿਰੋਧੀ ਅਨਸਰਾਂ ਦਾ ਹੱਥ ਸੀ। ਉਧਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰ ਅੱਜ ਵੀ ਕਿਸਾਨਾਂ ਦੇ ਮੁੱਦੇ ’ਤੇ ਵੱਖਰੀ ਚਰਚਾ ਕਰਵਾਉਣ ਦੀ ਆਪਣੀ ਮੰਗ ’ਤੇ ਅੜ੍ਹੇ ਰਹੇ। ਸ਼ਾਮ 4 ਵਜੇ ਜਦੋਂ ਸਦਨ ਜੁੜਿਆ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਰਕਾਰ ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਤੇ ਹਾਈਵੇਜ਼ ਮੰਤਰਾਲੇ ਨਾਲ ਸਬੰਧਤ ਸਵਾਲਾਂ ਦੇ ਜਵਾਬ ਵੀ ਦਿੱਤੇ। ਪਰ ਜਦੋਂ ਨਾਅਰੇਬਾਜ਼ੀ ਬੰਦ ਨਾ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਪੰਜ ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਸਦਨ ਮੁੜ ਜੁੜਿਆਂ ਤਾਂ ਕੁਝ ਮੰਤਰੀਆਂ ਤੇ ਮੈਂਬਰਾਂ ਨੇ ਸਦਨ ਦੀਆਂ ਮੇਜ਼ਾਂ ’ਤੇ ਕੁਝ ਪੇਪਰ ਰੱਖੇ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸਾਲਸ ਤੇ ਸੁੱਲ੍ਹਾ-ਸਫ਼ਾਈ ਸੋਧ ਬਿੱਲ 2021 ਪੇਸ਼ ਕੀਤਾ। ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ ਤੇ ਚੇਅਰ ’ਤੇ ਬੈਠੀ ਮਿਨਾਕਸ਼ੀ ਲੇਖੀ ਨੇ 15 ਮਿੰਟ ਦੀ ਕਾਰਵਾਈ ਮਗਰੋਂ ਫਿਰ ਸਦਨ ਨੂੰ 6 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਇਸ ਮਗਰੋਂ ਵੀ ਸਦਨ ਦੀ ਕਾਰਵਾਈ ਵਿੱਚ ਦੋ ਵਾਰ ਵਿਘਨ ਪਿਆ ਤੇ ਆਖਿਰ ਨੂੰ ਸਦਨ ਭਲਕ ਤੱਕ ਲਈ ਚੁੱਕ ਦਿੱਤਾ ਗਿਆ।