ਵਿਰੋਧੀਆਂ ਦੀ ਸ਼ਹਿ ’ਤੇ ਹੋ ਰਹੀ ਹੈ ਹਿੰਸਾ: ਮੋਦੀ

ਵਿਰੋਧੀਆਂ ਦੀ ਸ਼ਹਿ ’ਤੇ ਹੋ ਰਹੀ ਹੈ ਹਿੰਸਾ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਰਾਮਲੀਲਾ ਮੈਦਾਨ ’ਚ ‘ਧੰਨਵਾਦ ਰੈਲੀ’ ਦੌਰਾਨ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨਾਂ ਅਤੇ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਦੇ ਜਵਾਬ ’ਚ ਕਾਂਗਰਸ ਸਮੇਤ ਹੋਰਨਾਂ ਸਾਰੀਆਂ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਿਆਸੀ ਲਾਭ ਤੇ ਵੋਟ ਬੈਂਕ ਲਈ ਸੋਸ਼ਲ ਮੀਡੀਆ ਰਾਹੀਂ ਝੂਠੀਆਂ ਅਫ਼ਵਾਹਾਂ ਫੈਲਾ ਕੇ ਹਿੰਸਾ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਮੁਸਲਿਮ ਭਾਈਚਾਰੇ ਨੂੰ ਗੁਮਰਾਹ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਆਰਸੀ ਦੇ ਨਿਯਮਾਂ ਨੂੰ ਤਾਂ ਅਜੇ ਤੱਕ ਕੈਬਨਿਟ ਨੇ ਤਿਆਰ ਹੀ ਨਹੀਂ ਕੀਤਾ ਹੈ ਤੇ ਇਸ ਬਾਰੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਕਾਂਗਰਸ ਤੇ ਸ਼ਹਿਰੀ ਨਕਸਲੀ’ ਇਹ ਝੂਠ ਫੈਲਾ ਰਹੇ ਹਨ ਕਿ ਮੁਸਲਮਾਨਾਂ ਨੂੰ ਨਜ਼ਰਬੰਦੀ ਕੇਂਦਰਾਂ ਵਿਚ ਭੇਜਿਆ ਜਾਵੇਗਾ। ਮੋਦੀ ਨੇ ਅਪੀਲ ਕੀਤੀ ਕਿ ਕਿਸੇ ਵੀ ਸਿੱਟੇ ਉੱਤੇ ਪੁੱਜਣ ਤੋਂ ਪਹਿਲਾਂ ਨਾਗਰਿਕਤਾ ਕਾਨੂੰਨ ਨੂੰ ਪੜ੍ਹ ਕੇ ਦੇਖਿਆ ਜਾਵੇ ਤੇ ਦੇਖਿਆ ਜਾਵੇ ਕਿ ਐੱਨਆਰਸੀ ਇਸ ਦਾ ਹਿੱਸਾ ਕਿੱਥੇ ਹੈ? ਅਜਿਹਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਇਸ ਲਈ ਪ੍ਰੇਸ਼ਾਨ ਹਨ ਕਿਉਂਕਿ ਕੌਮੀ ਪੱਧਰ ’ਤੇ ਭਾਰਤ ਨੂੰ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਸਾਊਦੀ ਅਰਬ, ਬਹਿਰੀਨ ਤੇ ਹੋਰ ਮੁਲਕਾਂ ਨਾਲ ਭਾਰਤ ਦੇ ਰਿਸ਼ਤੇ ਬੇਹੱਦ ਚੰਗੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਖ਼ਿਲਾਫ਼ ਲਗਾਤਾਰ ਸਾਜ਼ਿਸ਼ਾਂ ਰਚ ਰਹੀ ਹੈ। ਐਕਟ ਦੇ ਮਾਮਲੇ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ‘ਮਮਤਾ ਦੀਦੀ’ ਕੋਲਕਾਤਾ ਤੋਂ ਸਿੱਧਾ ਸੰਯੁਕਤ ਰਾਸ਼ਟਰ ਪਹੁੰਚ ਗਈ ਹੈ ਪਰ ਕੁੱਝ ਸਾਲ ਪਹਿਲਾਂ ਸੰਸਦ ’ਚ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਰੋਕਣ ਤੇ ਉੱਥੇ ਆਏ ਪੀੜਤਾਂ ਦੀ ਮਦਦ ਬਾਰੇ ਕਹਿ ਰਹੀ ਸੀ। ਮੋਦੀ ਨੇ ਕਿਹਾ ਕਿ ਘੁਸਪੈਠੀਆ ਆਪਣੀ ਪਛਾਣ ਨਹੀਂ ਦੱਸਦਾ ਤੇ ਸ਼ਰਨਾਰਥੀ ਆਪਣੀ ਪਛਾਣ ਛੁਪਾਉਂਦਾ ਹੈ, ਹੁਣ ਉਹ ਡਰੇ ਹੋਏ ਹਨ। ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਰਤੀ ਮੁਸਲਮਾਨਾਂ ਦਾ ਨਾਗਰਿਕਤਾ ਕਾਨੂੰਨ ਤੇ ਐੱਨਆਰਸੀ ਨਾਲ ਕੋਈ ਲੈਣਾ-ਦੇਣਾ ਨਹੀਂ ਪਰ ਨਵੇਂ ਸ਼ਰਨਾਰਥੀਆਂ ਨੂੰ ਕੋਈ ਕਾਨੂੰਨੀ ਲਾਹਾ ਨਹੀਂ ਮਿਲੇਗਾ। ਮੋਦੀ ਨੇ ਦੋਸ਼ ਲਾਇਆ ਕਿ ਜਦ ਦਹਾਕਿਆਂ ਤੱਕ ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਜਨਤਾ ਨੇ ਨਕਾਰ ਦਿੱਤਾ ਤਾਂ ਉਨ੍ਹਾਂ ਵੰਡਪਾਊ ਸਿਆਸਤ ਕਰਨ ਦਾ ‘ਪੁਰਾਣਾ ਹਥਿਆਰ’ ਵਰਤਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਵੀ ਦੋਸ਼ ਵਿਰੋਧੀਆਂ ਸਿਰ ਲਾਇਆ। ਭਾਜਪਾ ਦੇ ਹੋਰ ਸੰਸਦ ਮੈਂਬਰਾਂ ਤੇ ਆਗੂਆਂ ਵੱਲੋਂ ਵੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਇਸ ਮੌਕੇ ਜਾਣਕਾਰੀ ਸਾਂਝੀ ਕੀਤੀ ਗਈ।

Radio Mirchi