ਵਿੱਕੀ ਕੌਸ਼ਲ ਅਤੇ ਆਯੂਸ਼ਮਾਨ ਖੁਰਾਨਾ ਨੂੰ ਕੌਮੀ ਫਿਲਮ ਪੁਰਸਕਾਰ
ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਜ ਕੌਮੀ ਫਿਲਮ ਪੁਰਸਕਾਰ ਵੰਡੇ। ਅਦਾਕਾਰ ਵਿੱਕੀ ਕੌਸ਼ਲ, ਆਯੂਸ਼ਮਾਨ ਖੁਰਾਨਾ ਅਤੇ ਕੀਰਤੀ ਸੁਰੇਸ਼ ਨੂੰ ਇਨ੍ਹਾਂ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਸ੍ਰੀ ਨਾਇਡੂ ਨੇ ਇਸ ਗੱਲ ’ਤੇ ਖੁਸ਼ੀ ਜਤਾਈ ਕਿ ਪੁਰਸਕਾਰਾਂ ਲਈ ਚੁਣੀਆਂ ਗਈਆਂ ਫਿਲਮਾਂ ਨੇ ਰੂੜੀਵਾਦੀ ਰਵਾਇਤਾਂ ਨੂੰ ਤੋੜਿਆ ਅਤੇ ਵਹਿਮਾਂ-ਭਰਮਾਂ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਫਿਲਮਾਂ ਭਾਵੁਕਤਾ ਦੇ ਨਾਲ ਨਾਲ ਲਿਆਕਤ ਦਾ ਮੁਜ਼ਾਹਰਾ ਵੀ ਕਰਦੀਆਂ ਹਨ। ਸ੍ਰੀ ਨਾਇਡੂ ਨੇ ਬੱਚੀਆਂ ਨੂੰ ਕੁੱਖ ’ਚ ਮਾਰਨ, ਮਨੁੱਖੀ ਤਸਕਰੀ ਅਤੇ ਗੋਦ ਲੈਣ ਜਿਹੇ ਵਿਸ਼ਿਆਂ ’ਤੇ ਬਣੀਆਂ ਗ਼ੈਰ-ਫੀਚਰ ਫਿਲਮਾਂ ਦੀ ਵੀ ਸ਼ਲਾਘਾ ਕੀਤੀ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸਿਨਮਾ ਨੂੰ ਮਜ਼ਬੂਤ ਭਾਰਤ ਦੀ ‘ਸਾਫ਼ਟ ਪਾਵਰ’ ਕਰਾਰ ਦਿੱਤਾ। ਬਾਲੀਵੁੱਡ ਅਦਾਕਾਰ ਆਯੂਸ਼ਮਾਨ ਨੂੰ ‘ਅੰਧਾਧੁਨ’ ਅਤੇ ਵਿੱਕੀ ਨੂੰ ‘ਊੜੀ: ਦਿ ਸਰਜੀਕਲ ਸਟ੍ਰਾਈਕ’ ’ਚ ਬਿਹਤਰੀਨ ਅਦਾਕਾਰੀ ਲਈ ਪੁਰਸਕਾਰ ਮਿਲਿਆ ਹੈ। ਇਸ ਮੌਕੇ ਫਿਲਮ ‘ਪੈਡ ਮੈਨ’ ਦੇ ਸਹਿ-ਪ੍ਰੋਡਿਊਸਰ ਅਤੇ ਅਦਾਕਾਰ ਅਕਸ਼ੈ ਕੁਮਾਰ ਵੀ ਹਾਜ਼ਰ ਸਨ। ਤੇਲਗੂ ਫਿਲਮ ਅਦਾਕਾਰਾ ਸਵਿੱਤਰੀ ਦੇ ਕਿਰਦਾਰ ’ਤੇ ਬਣੀ ਫਿਲਮ ‘ਮਹੰਤੀ’ ’ਚ ਉਸ ਦੀ ਭੂਮਿਕਾ ਨਿਭਾਉਣ ਵਾਲੀ ਕੀਰਤੀ ਨੇ ਪੁਰਸਕਾਰ ਮਿਲਣ ’ਤੇ ਆਪਣੀ ਖੁਸ਼ੀ ਜਤਾਈ। ਪ੍ਰਿਯੰਕਾ ਚੋਪੜਾ ਦੀ ਪ੍ਰੋਡਕਸ਼ਨ ਵਾਲੀ ਫਿਲਮ ‘ਪਾਣੀ’ ਨੂੰ ਵਾਤਾਵਰਨ ਸਾਂਭ-ਸੰਭਾਲ ਦੀ ਸ਼੍ਰੇਣੀ ’ਚ ਬਿਹਤਰੀਨ ਫਿਲਮ ਦਾ ਪੁਰਸਕਾਰ ਮਿਲਿਆ ਹੈ।