ਵਿੱਤ ਮੰਤਰੀ ਤੇ ਮੁਲਾਜ਼ਮਾਂ ਵਿਚਾਲੇ ਗੱਲਬਾਤ ਟੁੱਟੀ
ਚੰਡੀਗੜ੍ਹ-ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦੀ ਅੱਜ ਸ਼ਾਮ ਵੇਲੇ ਪੰਜਾਬ ਸਕੱਤਰੇਤ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ, ਜਿਸ ਮਗਰੋਂ ਜਥੇਬੰਦੀਆਂ ਨੇ ਕੈਪਟਨ ਸਰਕਾਰ ਖ਼ਿਲਾਫ਼ ਆਪੋ-ਆਪਣੇ ਸੰਘਰਸ਼ ਬਰਕਰਾਰ ਰੱਖਣ ਦਾ ਐਲਾਨ ਕਰ ਦਿੱਤਾ। ਵਿੱਤ ਮੰਤਰੀ ਨੇ ਕੇਂਦਰ ਸਰਕਾਰ ਸਿਰ ਠੀਕਰਾ ਭੰਨ੍ਹਦਿਆਂ ਡੀਏ ਵਧਾਉਣ ਸਮੇਤ ਹੋਰ ਮੰਗਾਂ ਮੰਨਣ ਤੋਂ ਨਾਂਹ ਕਰ ਦਿੱਤੀ ਹੈ। ਉਂਜ, ਸ੍ਰੀ ਬਾਦਲ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਵੱਲ ਬਕਾਇਆ ਅਦਾਇਗੀਆਂ ਰਿਲੀਜ਼ ਹੋਣ ’ਤੇ ਉਹ ਇਸ ਪਾਸੇ ਸੋਚ ਸਕਦੇ ਹਨ। ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਆਗੂਆਂ ਸੁਖਚੈਨ ਸਿੰਘ ਖਹਿਰਾ, ਗੁਰਮੇਲ ਸਿੱਧੂ, ਗੁਰਮੀਤ ਸਿੰਘ ਵਾਲੀਆ ਆਦਿ ਨੇ ਮੀਟਿੰਗ ਉਪਰੰਤ ਦੱਸਿਆ ਕਿ ਵਿੱਤ ਮੰਤਰੀ ਵੱਲੋਂ ਮੰਗਾਂ ਮੰਨਣ ਤੋਂ ਹੱਥ ਖੜ੍ਹੇ ਕੀਤੇ ਜਾਣ ਕਰ ਕੇ ਸਰਕਾਰ ਨਾਲ ਗੱਲਬਾਤ ਟੁੱਟ ਗਈ ਹੈ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਨੂੰ ਮੰਚ ਦੀ ਉੱਚ-ਤਾਕਤੀ ਕਮੇਟੀ ਨਾਲ ਸਲਾਹ ਮਸ਼ਵਰੇ ਮਗਰੋਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਨੇ 3 ਫੀਸਦ ਤੋਂ ਵੱਧ ਡੀਏ ਦੇਣ ਤੋਂ ਪੂਰੀ ਤਰ੍ਹਾਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਤਨਖਾਹਾਂ ਤੇ ਪੈਨਸ਼ਨਾਂ ਦਾ ਜੁਗਾੜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਕੇਂਦਰ ਸਰਕਾਰ ਸਿਰ ਘੜਾ ਭੰਨ੍ਹ ਕੇ ਮੰਗਾਂ ਮੰਨਣ ਤੋਂ ਬੇਵੱਸੀ ਜ਼ਾਹਿਰ ਕੀਤੀ ਹੈ। ਮੰਤਰੀ ਨੇ ਆਗੂਆਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਦਾ ਜੀਐਸਟੀ ਦਾ 2000 ਕਰੋੜ ਰੁਪਏ ਦਾ ਬਕਾਇਆ ਨਹੀਂ ਦੇ ਰਹੀ। ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲ 1700 ਕਰੋੜ ਰੁਪਏ ਹੋਰ ਖੜ੍ਹੇ ਹਨ। ਉਨ੍ਹਾਂ ਵਫਦ ਨੂੰ ਭਰੋਸਾ ਦਿੱਤਾ ਕਿ ਜੇ ਭਾਰਤ ਸਰਕਾਰ ਨੇ ਇਹ ਅਦਾਇਗੀਆਂ ਰਿਲੀਜ਼ ਕਰ ਦਿੱਤੀਆਂ ਤਾਂ ਫਿਰ ਉਹ ਹੋਰ ਡੀਏ ਦੀ ਕਿਸ਼ਤ ਦੇਣ ਬਾਰੇ ਸੋਚ ਸਕਦੇ ਹਨ, ਪਰ ਇਸ ਤੋਂ ਬਿਨਾਂ ਫਿਲਹਾਲ ਹੋਰ ਡੀਏ ਦੇਣ ਦੇ ਕੋਈ ਆਸਾਰ ਨਹੀਂ ਹਨ।