ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਦਾ ਦੇਹਾਂਤ

ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਦਾ ਦੇਹਾਂਤ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ (90) ਦੀ ਮੌਤ ਹੋ ਗਈ।ਉਨ੍ਹਾਂ ਸਸਕਾਰ ਅੱਜ ਪਿੰਡ ਬਾਦਲ ਵਿੱਚ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਰੋਨਾ ਮਹਾਮਾਰੀ ਕਾਰਨ ਪਰਿਵਾਰ ਤੋਂ ਇਲਾਵਾ ਸਭ ਨੂੰ ਅੰਤਮ ਸੰਸਕਾਰ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਹੈ। ਉਹ ਕਰੀਬ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਦੇ ਛੋਟੇ ਭਰਾ ਸਨ। ਕੁਝ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ ਅਤੇ ਉਹ ਵੈਂਟੀਲੇਟਰ ‘ਤੇ ਸਨ। ਅੱਜ ਤੜਕੇ ਕਰੀਬ ਪੌਣੇ ਦੋ ਵਜੇ ਗੁਰਦਾਸ ਬਾਦਲ ਨੇ ਆਖਰੀ ਸਾਹ ਲਿਆ। ਉਸ ਸਮੇਂ ਉਨ੍ਹਾਂ ਕੋਲ ਮਨਪ੍ਰੀਤ ਬਾਦਲ ਮੌਜੂਦ ਸਨ। ਇਸ ਮਗਰੋਂ ਕਰੀਬ 2:30 ਵਜੇ ਮਨਪ੍ਰੀਤ ਆਪਣੇ ਪਿਤਾ ਦੀ ਦੇਹ ਲੈ ਕੇ ਪਿੰਡ ਬਾਦਲ ਲਈ ਰਵਾਨਾ ਹੋ ਗਏ। ਮਾਰਚ ਮਹੀਨੇ ਮਨਪ੍ਰੀਤ ਦੀ ਮਾਤਾ ਬੀਬੀ ਹਰਮਿੰਦਰ ਕੌਰ ਦੀ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਦਾਸ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਸੀ।
ਗੁਰਦਾਸ ਸਿੰਘ ਬਾਦਲ ‘ਦਾਸ ਜੀ’ ਦਾ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਰੋਲ ਰਿਹਾ ਹੈ। ਉਹ ਘੱਟ ਸ਼ਬਦਾਂ ਵਿੱਚ ਵੱਡੇ ਮਾਅਨੇ ਭਰੀ ਗੱਲ ਆਖਣ ਜਾਣੇ ਜਾਂਦੇ ਸਨ। ਅਕਾਲੀ ਸਰਕਾਰਾਂ ਸਮੇਂ ਉਨ੍ਹਾਂ ਦੇ ਮੂੰਹੋਂ ਨਿਕਲੇ ਅਲਫਾਜ਼ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸ਼ਬਦਾਂ ਦੇ ਬਰਾਬਰ ਮੰਨੇ ਜਾਂਦੇ ਸਨ। ਦੋਵੇਂ ਭਰਾਵਾਂ ਦੀ ਜੋੜੀ ‘ਰਾਮ-ਲਛਮਣ’ ਵਜੋਂ ਜਾਣੀ ਜਾਂਦੀ ਹੈ। ਇਸ ਦੁੱਖ ਭਰੀ ਖ਼ਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਗਿਆ।
 

Radio Mirchi