ਵੱਡੀ ਖਬਰ : ਲੁਧਿਆਣਾ ਚ ACP ਤੋਂ ਬਾਅਦ ਪਤਨੀ ਸਮੇਤ 3 ਲੋਕ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 15
ਲੁਧਿਆਣਾ : ਲੁਧਿਆਣਾ 'ਚ ਤਾਇਨਾਤ ਏ. ਸੀ. ਪੀ. ਦੀ ਬੀਤੇ ਦਿਨੀਂ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਕਰੀਬੀ 3 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ 'ਚ ਏ. ਸੀ. ਪੀ. ਦੀ ਪਤਨੀ, ਐਸ. ਐਚ. ਓ. ਅਤੇ ਇਕ ਹੋਰ ਵਿਅਕਤੀ ਸ਼ਾਮਲ ਹੈ, ਜਿਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਸਕੱਤਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਫਿਲਹਾਲ ਡਾਕਟਰਾਂ ਵਲੋਂ ਉਕਤ ਤਿੰਨਾਂ ਲੋਕਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਲੁਧਿਆਣਾ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਦੱਸਣਯੋਗ ਹੈ ਕਿ ਏ. ਸੀ. ਪੀ. ਦੀ 4 ਦਿਨ ਪਹਿਲਾਂ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਹ ਇਕ ਨਿਜੀ ਹਸਪਤਾਲ 'ਚ ਵੈਂਟੀਲੇਟਰ 'ਤੇ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਪਹਿਲੇ ਕੋਰੋਨਾ ਮ੍ਰਿਤਕ ਦਾ ਦੇਰ ਰਾਤ ਸਸਕਾਰ, ਮਹਿਜ਼ ਚਾਰ ਜੀਅ ਹੋਏ ਸ਼ਾਮਲ
ਪੰਜਾਬ 'ਚ ਹੁਣ ਤੱਕ ਦੀ ਸਥਿਤੀ
ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ 'ਚ ਕੋਰੋਨਾ ਦੇ ਕੁੱਲ 202 ਮਰੀਜ਼ ਹੋ ਚੁੱਕੇ ਹਨ, ਜਦੋਂ ਕਿ ਸੂਬੇ 'ਚ ਇਸ ਬੀਮਾਰੀ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ ਹੈ। ਵੀਰਵਾਰ ਨੂੰ ਜਲੰਧਰ 'ਚ ਕੋਰੋਨਾ ਦੇ 6 ਕੇਸ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ 'ਚੋਂ 5 ਲੋਕ ਆਪਣੇ ਕਰੀਬੀਆਂ ਦੇ ਸੰਪਰਕ 'ਚ ਆਉਣ ਕਾਰਨ ਬੀਮਾਰ ਹੋਏ ਹਨ, ਜਦੋਂ ਕਿ ਵੀਰਵਾਰ ਨੂੰ ਗੁਰਦਾਸਪੁਰ ਦੇ ਪਹਿਲੇ ਕੋਰੋਨਾ ਪੀੜਤ ਮਰੀਜ਼ ਨੇ ਅੰਮ੍ਰਿਤਸਰ ਦੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ।