ਵੱਡੇ ‘ਲੋਕ ਫ਼ਤਵੇ’ ਸਦਕਾ ਲਏ ਵੱਡੇ ਫ਼ੈਸਲੇ: ਮੋਦੀ

ਵੱਡੇ ‘ਲੋਕ ਫ਼ਤਵੇ’ ਸਦਕਾ ਲਏ ਵੱਡੇ ਫ਼ੈਸਲੇ: ਮੋਦੀ

ਬੱਲਭਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅੱਜ ਧਾਰਾ 370 ਨੂੰ ਮਨਸੂਖ਼ ਕਰਨ ਜਿਹੇ ਵੱਡੇ ਫੈਸਲੇ ਲੈ ਰਿਹਾ ਹੈ, ਜਿਨ੍ਹਾਂ ਬਾਰੇ ਪਹਿਲਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਡੇ ਲੋਕ ਫ਼ਤਵੇ ਨਾਲ ਉਨ੍ਹਾਂ ਨੂੰ ਅਜਿਹੇ ਹਿੰਮਤੀ ਫੈਸਲੇ ਲੈਣ ਦਾ ਬਲ ਮਿਲਦਾ ਹੈ। ਉਨ੍ਹਾਂ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਧਾਰਾ 370 ਬਾਰੇ ਕੇਂਦਰ ਦੇ ਫੈਸਲੇ ਨੂੰ ਉਲੱਦਣ ਸਬੰਧੀ ਜਨਤਕ ਤੌਰ ’ਤੇ ਦਾਅਵਾ ਕਰਨ। ਸ੍ਰੀ ਮੋਦੀ ਹਰਿਆਣਾ ਵਿੱਚ ਆਪਣੀ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਹਫ਼ਤੇ ਦੌਰਾਨ ਉਹ ਹਰਿਆਣਾ ਵਿੱਚ ਤਿੰਨ ਹੋਰ ਰੈਲੀਆਂ ਨੂੰ ਸੰਬੋਧਨ ਕਰਨਗੇ।
ਸ੍ਰੀ ਮੋਦੀ ਨੇ ਮਹਾਰਾਸ਼ਟਰ ਵਾਂਗ ਅੱਜ ਹਰਿਆਣਾ ਵਿੱਚ ਕੀਤੀ ਚੋਣ ਰੈਲੀ ਦੌਰਾਨ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਦੇ ਫੈਸਲੇ ਦੀ ਹੋ ਰਹੀ ਨੁਕਤਾਚੀਨੀ ਲਈ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, ‘ਭਾਰਤ ਅੱਜ ਵੱਡੇ ਫੈਸਲੇ ਲੈ ਰਿਹੈ, ਜਿਨ੍ਹਾਂ ਬਾਰੇ ਪਹਿਲਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਜੰਮੂ-ਕਸ਼ਮੀਰ ਤੇ ਲੱਦਾਖ਼ ਭਰੋਸਾ ਬਹਾਲੀ ਤੇ ਵਿਕਾਸ ਦੇ ਰਾਹ ਵੱਲ ਤੁਰ ਪਏ ਹਨ। ਇਸ ਦਾ ਸਿਹਰਾ ਮੋਦੀ ਸਿਰ ਨਹੀਂ ਬਲਕਿ ਮੁਲਕ ਦੇ 130 ਕਰੋੜ ਲੋਕਾਂ ਸਿਰ ਬੱਝਦਾ ਹੈ। ਮੈਨੂੰ ਤੁਹਾਡੇ ਕੋਲੋਂ ਤਾਕਤ ਮਿਲਦੀ ਹੈ, ਤੁਸੀਂ ਸਾਨੂੰ ਵੱਡਾ ਫ਼ਤਵਾ ਦਿੱਤਾ ਹੈ।’ ਸ੍ਰੀ ਮੋਦੀ ਨੇ ਧਾਰਾ 370 ਦਾ ਸਿਆਸੀਕਰਨ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਕਿਹਾ, ‘ਮੈਂ ਚੁਣੌਤੀ ਦਿੰਦਾ ਹਾਂ ਕਿ ਜੇਕਰ ਤੁਹਾਨੂੰ ਧਾਰਾ 370 ਇੰਨੀ ਹੀ ਪਿਆਰੀ ਹੈ ਤਾਂ ਇਕ ਵਾਰ ਲੋਕਾਂ ਵਿੱਚ ਜਾ ਕੇ ਕਹੋ ਕਿ ਤੁਸੀਂ ਕੇਂਦਰ ਦੇ ਇਸ ਫੈਸਲੇ ਨੂੰ ਉਲੱਦ ਦੇਵੋਗੇ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਪਹਿਲਾਂ ਭਰਤੀ ਦਾ ਮਤਲਬ ਵੱਢੀ ਹੁੰਦਾ ਸੀ। ਉਨ੍ਹਾਂ ਕਿਹਾ, ‘ਰੁਜ਼ਗਾਰ ਦੇਣ ਲਈ ਵਰਤੀਆਂ ਜਾਂਦੀਆਂ ਚੋਰਮੋਰੀਆਂ ਕਰਕੇ ਕਈ ਆਗੂ ਸਲਾਖਾਂ ਪਿੱਛੇ ਹਨ, ਪਰ ਹੁਣ ਹਾਲਾਤ ਬਦਲ ਗਏ ਹਨ। ਵਿਕਾਸ ਦੇ ਕੰਮ ਪੂਰੀ ਇਮਾਨਦਾਰੀ ਨਾਲ ਹੋ ਰਹੇ ਹਨ। ਪਲਵਲ, ਬੱਲਭਗੜ੍ਹ, ਫਰੀਦਾਬਾਦ ਵਿੱਚ ਆਵਾਜਾਈ ਦੀਆਂ ਆਧੁਨਿਕ ਸਹੂਲਤਾਂ ਨਾਲ ਕੁਨੈਕਟੀਵਿਟੀ ’ਚ ਵੱਡਾ ਸੁਧਾਰ ਹੋਇਆ ਹੈ।’ ਸ੍ਰੀ ਮੋਦੀ ਨੇ ਲੋਕ ਸਭਾ ਚੋਣਾਂ ਮੌਕੇ ਰਾਹੁਲ ਗਾਂਧੀ ਵੱਲੋਂ ਰਾਫ਼ਾਲ ਖਰੀਦ ਸੌਦੇ ਨੂੰ ਵੱਡਾ ਮੁੱਦਾ ਬਣਾਉਣ ਲਈ ਕਾਂਗਰਸ ਆਗੂ ਨੂੰ ਰੱਜ ਕੇ ਭੰਡਿਆ। ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਕਾਂਗਰਸ ਦੀਆਂ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਹਿਲਾ ਲੜਾਕੂ ਜਹਾਜ਼ ਭਾਰਤ ਦੇ ਸਪੁਰਦ ਕੀਤਾ ਜਾ ਚੁੱਕਾ ਹੈ।

Radio Mirchi