ਸ਼ਖਤ ਸੁਰੱਖਿਆ ਚ ਮੋਹਾਲੀ ਏਅਰਪੋਰਟ ਪਹੁੰਚੀ ਕੰਗਨਾ, ਜਲਦ ਹੋਵੇਗੀ ਮੁੰਬਈ ਲਈ ਰਵਾਨਾ
ਮੁੰਬਈ — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਮੁੰਬਈ ਲਈ ਰਵਾਨਾ ਹੋ ਰਹੀ ਹੈ। ਇਸ ਗੱਲ ਦੀ ਜਾਣਕਾਰੀ ਏ. ਐੱਨ. ਆਈ. ਨੇ ਇੱਕ ਵੀਡੀਓ ਰਾਹੀਂ ਦਿੱਤੀ ਹੈ। ਦਰਅਸਲ ਕੰਗਨਾ ਰਣੌਤ ਨੇ ਅੱਜ ਮੁੰਬਈ ਜਾਣਾ ਹੈ। ਕੰਗਨਾ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਹੈ। ਹਾਲਾਂਕਿ ਪਹਿਲਾਂ ਕੰਗਨਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਪਰ ਦੁਬਾਰਾ ਸੈਂਪਲ ਲੈਣ ਮਗਰੋਂ ਰਾਤ ਢਾਈ ਵਜੇ ਜਿਹੜੀ ਰਿਪੋਰਟ ਆਈ ਸੀ ਉਹ ਨੈਗੇਟਿਵ ਹੈ।
ਕੰਗਨਾ ਰਣੌਤ ਸੰਜੇ ਰਾਊਤ ਨਾਲ ਚੱਲ ਰਹੇ ਟਕਰਾਅ ਦੌਰਾਨ ਅੱਜ ਮੁੰਬਈ ਜਾ ਰਹੀ ਹੈ। ਸੰਜੇ ਰਾਊਤ ਨੇ ਕੰਗਨਾ 'ਤੇ ਇੱਕ ਆਰਟੀਕਲ ਜ਼ਰੀਏ ਮੁੰਬਈ ਪੁਲਸ ਦਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ ਲਾਏ ਸਨ। ਸੰਜੇ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੂੰ ਮੁੰਬਈ ਪੁਲਸ 'ਤੇ ਭਰੋਸਾ ਨਹੀਂ ਤਾਂ ਉਹ ਮੁੰਬਈ ਨਾ ਆਵੇ, ਜਿਸ ਦੇ ਜਵਾਬ ਵਜੋਂ ਕੰਗਨਾ ਨੇ ਕਿਹਾ ਸੀ ਕਿ ਉਹ ਮੁੰਬਈ ਆਏਗੀ ਜੇਕਰ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੋ। ਅਦਾਕਾਰਾ ਦੇ ਮੁੰਬਈ ਜਾਣ ਲਈ ਹਿਮਾਚਲ ਸਰਕਾਰ ਨੇ ਕੰਗਣਾ ਨੂੰ 'ਵਾਈ' ਸ਼੍ਰੇਣੀ ਦੀ ਸੁਰੱਖਿਆ ਵੀ ਪ੍ਰਦਾਨ ਕੀਤੀ ਹੈ।