ਸ਼ਰਤਾਂ ਸਹਿਤ ਦੁਕਾਨਾਂ ਖੋਲ੍ਹਣ ਦੀ ਆਗਿਆ
ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ‘ਲੌਕਡਾਊਨ’ ਦੌਰਾਨ ਕੱਪੜਿਆਂ, ਮੋਬਾਈਲ ਫੋਨਾਂ, ਹਾਰਡਵੇਅਰ ਤੇ ਸਟੇਸ਼ਨਰੀ ਦੀਆਂ ਸਿਰਫ਼ ਉਨ੍ਹਾਂ ਦੁਕਾਨਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਹੋਵੇਗੀ ਜੋ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਨਾ ਹੋ ਕੇ ਆਂਢ-ਗੁਆਂਢ ਵਿਚ ਜਾਂ ਕਿਸੇ ਥਾਂ ਬਿਲਕੁਲ ਇਕੱਲੀਆਂ ਸਥਿਤ ਹਨ। ਬਾਜ਼ਾਰਾਂ, ਮਾਲਜ਼, ਕੋਵਿਡ-19 ਹੌਟਸਪੌਟ ਤੇ ਕੰਟੇਨਮੈਂਟ ਜ਼ੋਨ (ਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ) ਖੇਤਰਾਂ ਵਿਚ ਅਜਿਹੀਆਂ ਦੁਕਾਨਾਂ 3 ਮਈ ਤੱਕ ਹੀ ਬੰਦ ਰਹਿਣਗੀਆਂ। ਪੇਂਡੂ ਇਲਾਕਿਆਂ ਵਿਚ ਵੀ ਸਾਰੀਆਂ ਅਜਿਹੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ ਜੋ ਸਿੰਗਲ ਤੇ ਮਲਟੀ ਬਰਾਂਡ ਸ਼ਾਪਿੰਗ ਮਾਲਾਂ ਵਿਚ ਨਹੀਂ ਹਨ। ਸ਼ੁੱਕਰਵਾਰ ਰਾਤ ਜਾਰੀ ਕੀਤੇ ਹੁਕਮਾਂ ਮੁਤਾਬਕ ਦੁਕਾਨਾਂ ਪਹਿਲਾਂ ਨਾਲੋਂ ਅੱਧੇ ਸਟਾਫ਼ ਨਾਲ ਕੰਮ ਕਰਨਗੀਆਂ। ਸਮਾਜਿਕ ਦੂਰੀ ਤੇ ਮਾਸਕ ਪਹਿਨਣ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ। ਮੰਤਰਾਲੇ ਮੁਤਾਬਕ
ਮਾਲਜ਼, ਸ਼ਰਾਬ ਤੇ ਸਿਗਰਟ ਦੀਆਂ ਦੁਕਾਨਾਂ, ਈ-ਕਾਮਰਸ ਪਲੇਟਫਾਰਮ ਰਾਹੀਂ ਗ਼ੈਰ-ਜ਼ਰੂਰੀ ਵਸਤਾਂ ਦੀ ਵਿਕਰੀ ਬੰਦ ਹੀ ਰਹੇਗੀ। ਰੈਸਤਰਾਂ, ਨਾਈ ਦੀਆਂ ਦੁਕਾਨਾਂ ਤੇ ਇਸ ਤਰ੍ਹਾਂ ਦੀਆਂ ਹੋਰ ਇਕਾਈਆਂ ਨੂੰ ਵੀ ਖੁੱਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਸੇਵਾਵਾਂ ਦੁਕਾਨਾਂ ਵਾਲੇ ਵਰਗ ਵਿਚ ਨਹੀਂ ਆਉਂਦੀਆਂ। 15 ਅਪਰੈਲ ਦੇ ਪਹਿਲੇ ਹੁਕਮ ਵਿਚ ਸੋਧ ਕਰਦਿਆਂ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਰਿਹਾਇਸ਼ੀ ਕੰਪਲੈਕਸਾਂ ਵਿਚ ਸਥਿਤ ਦੁਕਾਨਾਂ ਜੋ ਨਿਗਮ ਜਾਂ ਕੌਂਸਲ ਦੇ ਦਾਇਰੇ ਵਿਚ ਹਨ, ਖੁੱਲ੍ਹ ਸਕਦੀਆਂ ਹਨ। ਮੰਤਰਾਲੇ ਮੁਤਾਬਕ ਜਿਹੜੀਆਂ ਦੁਕਾਨਾਂ ਨਿਗਮ ਜਾਂ ਕੌਂਸਲ ਦੇ ਘੇਰੇ ਤੋਂ ਬਾਹਰ ਰਜਿਸਟਰਡ ਮਾਰਕੀਟ ਵਿਚ ਸਥਿਤ ਹਨ, ਵੀ ਸਮਾਜਿਕ ਦੂਰੀ ਤੇ ਮਾਸਕ ਪਹਿਨਣ ਦੀ ਡਰਿੱਲ ਤੋਂ ਬਾਅਦ 50 ਫ਼ੀਸਦ ਸਟਾਫ਼ ਸਮਰੱਥਾ ਨਾਲ ਖੁੱਲ੍ਹ ਸਕਦੀਆਂ ਹਨ। ਹਾਲਾਂਕਿ ਇਕ ਤੋਂ ਵੱਧ ਬਰਾਂਡ ਵਾਲੀਆਂ ਥਾਵਾਂ ਇਨ੍ਹਾਂ ਇਲਾਕਿਆਂ ਵਿਚ ਵੀ ਬੰਦ ਰਹਿਣਗੀਆਂ। ਮਠਿਆਈ ਦੀਆਂ ਦੁਕਾਨਾਂ ਵੀ ਇਨ੍ਹਾਂ ਸ਼ਰਤਾਂ ਤਹਿਤ ਖੁੱਲ੍ਹ ਸਕਦੀਆਂ ਹਨ। ਹਾਲਾਂਕਿ ਜ਼ਿਆਦਾਤਰ ਫ਼ੈਸਲੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਤੇ ਛੱਡੇ ਗਏ ਹਨ।