ਸ਼ਰਾਬ ਮਾਫ਼ੀਆ ਪਿੱਛੇ ਕਾਂਗਰਸੀ ਵਿਧਾਇਕਾਂ ਦਾ ਹੱਥ: ਸੁਖਬੀਰ
aਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਹੋਮਾਜਰਾ ’ਚ ਗ਼ੈਰਕਾਨੂੰਨੀ ਸ਼ਰਾਬ ਦੇ ਧੰਦੇ ਖ਼ਿਲਾਫ਼ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸੀ ਵਿਧਾਇਕ ਪੰਜਾਬ ’ਚ ਸ਼ਰਾਬ ਮਾਫ਼ੀਆ ਚਲਾ ਰਹੇ ਹਨ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਰੈਕੇਟ ਵਿੱਚ ਭਾਗੀਦਾਰ ਹਨ। ਇਸੇ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਫ਼ੀਆ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਬੇਰੁਖ਼ੇ ਹਨ ਤੇ ਆਪਣੇ ਚੰਡੀਗੜ੍ਹ ਫਾਰਮ ਹਾਊਸ ਵਿੱਚ ਬੰਦ ਹਨ। ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਸ਼ਰਾਬ ਤੇ ਰੇਤ ਮਾਫ਼ੀਆ ਬਣਾ ਕੇ ਲੋਕਾਂ ਤੇ ਰਾਜ ਦੇ ਖ਼ਜ਼ਾਨੇ ਨੂੰ ਲੁੱਟ ਰਹੇ ਹਨ।
ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੰਗ ਕੀਤੀ ਕਿ ਗੈਰ-ਕਾਨੂੰਨੀ ਡਿਸਟਿਲਰੀ ਕੇਸ ਵਿਚ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੁਰਸਿੱਖ ਪਰਿਵਾਰ ਤੇ ਦਲਿਤ ਨਾਲ ਬੇਰਹਿਮੀ ਕਰਨ ਵਾਲੇ ਐੱਸਐੱਚਓ ਬਲਜਿੰਦਰ ਸਿੰਘ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
ਸ੍ਰੀ ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਬੰਦ ਕੀਤੀ ਤਾਂ ਅਕਾਲੀ ਦਲ ਵੱਡੀ ਲੋਕ ਲਹਿਰ ਖੜ੍ਹੀ ਕਰੇਗਾ। ਇੱਕ ਬਿਆਨ ਰਾਹੀਂ ਸੁਖਬੀਰ ਬਾਦਲ ਨੇ ਮੌਂਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਪ੍ਰਵਾਨ ਕਰਨੀਆਂ ਕਿਸਾਨਾਂ ਲਈ ਮੌਤ ਦਾ ਵਾਰੰਟ ਹੋਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਅਤੇ ਇਹ ਸਿਫਾਰਸ਼ਾਂ ਅੱਜ ਹੀ ਰੱਦ ਕਰ ਦੇਣ ਕਿਉਂਕਿ ਉਨ੍ਹਾਂ ਨੇ ਕਿਸਾਨਾਂ ਲਈ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਬੰਦ ਕਰਨ ਲਈ ਆਖਿਆ ਹੈ। ਸਰਕਾਰ ਨੇ ਆਹਲੂਵਾਲੀਆ ਦੀ ਅਗਵਾਈ ਵਾਲੀ ਕਮੇਟੀ ਨੂੰ ਕਰੋਨਾ ਦੇ ਮੱਦੇਨਜ਼ਰ ਲੌਕਡਾਊਨ ਕਾਰਨ ਸੂਬੇ ਦੇ ਅਰਥਚਾਰੇ ਨੂੰ ਸੁਰਜੀਤ ਕਰਨ ਲਈ ਸਿਫ਼ਾਰਸ਼ਾਂ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਸਿਫ਼ਾਰਸ਼ਾਂ ਬਾਰੇ ਪ੍ਰਕਾਸ਼ਤ ਰਿਪੋਰਟਾਂ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਏਸੀ ਕਮਰਿਆਂ ਵਿੱਚ ਬੈਠਣ ਵਾਲੇ ਅਖੌਤੀ ਅਰਥਸ਼ਾਸਤਰੀ ਕਿਸਾਨੀ ਅਰਥਚਾਰੇ ਨੂੰ ਉਨ੍ਹਾਂ ਕਿਸਾਨਾਂ ਨਾਲੋਂ ਵੱਧ ਸਮਝਣ ਦੇ ਦਾਅਵੇ ਕਰਦੇ ਹਨ, ਜਿਨ੍ਹਾਂ ਦੀਆਂ ਪੀੜ੍ਹੀਆਂ ਨੇ ਆਪਣੀਆਂ ਜ਼ਿੰਦਗੀਆਂ ਖੇਤਾਂ ਵਿੱਚ ਮਿਹਨਤ ਕਰਦਿਆਂ ਬਤੀਤ ਕੀਤੀਆਂ ਹਨ।
ਇਸੇ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਰਨ ਤਾਰਨ ਦੇ ਸਾਬਕਾ ਐੱਸਐੱਸਪੀ ਧਰੁਵ ਦਾਹੀਆ ਕੋਲ ਨਾਜਾਇਜ਼ ਸ਼ਰਾਬ ਬਾਰੇ ਕੋਈ ਸ਼ਿਕਾਇਤ ਨਾ ਆਉਣ ਦੇ ਕੀਤੇ ਦਾਅਵੇ ਦੀ ਪੋਲ ਖੋਲ੍ਹਦਿਆਂ ਸਥਾਨਕ ਲੋਕਾਂ ਵੱਲੋਂ ਐੱਸਐੱਸਪੀ ਦੇ ਨਿੱਜੀ ਵਟਸਐਪ ਨੰਬਰ ’ਤੇ ਭੇਜੀਆਂ ਦੋ ਲਿਖਤੀ ਸ਼ਿਕਾਇਤਾਂ ਮੀਡੀਆ ਨੂੰ ਜਾਰੀ ਕੀਤੀਆਂ। ਇਹ ਸ਼ਿਕਾਇਤਾਂ 14 ਤੇ 16 ਜੂਨ ਨੂੰ ਕੀਤੀਆਂ ਗਈਆਂ। ਸ੍ਰੀ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦਾਗ਼ਦਾਰ ਪੁਲੀਸ ਅਫ਼ਸਰ ਦਾ ਬਚਾਅ ਕਰ ਰਹੇ ਹਨ।