ਸ਼ਹੀਦ ਊਧਮ ਸਿੰਘ ਯਾਦਗਾਰ ਲੋਕਾਂ ਨੂੰ ਸਮਰਪਿਤ
ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਲੋਕਾਂ ਨੂੰ ਸਮਰਪਿਤ ਕੀਤੀ। ਮੁੱਖ ਮੰਤਰੀ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਸ਼ਹੀਦ ਹੋਣ ਵਾਲੇ ਕਈ ਗੁੰਮਨਾਮ ਨਾਇਕਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਵਜੋਂ ਇਕ ਯਾਦਗਾਰ ਦਾ ਛੇਤੀ ਹੀ ਨਿਰਮਾਣ ਕਰਨ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਵੱਲੋਂ 6.40 ਕਰੋੜ ਦੀ ਲਾਗਤ ਨਾਲ ਬਣੀ ਇਸ ਯਾਦਗਾਰ ’ਤੇ ਸਥਾਪਿਤ ਸ਼ਹੀਦ ਊਧਮ ਸਿੰਘ ਦੇ ਕਾਂਸੀ ਦੇ ਆਦਮ ਕੱਦ ਬੁੱਤ ਤੋਂ ਪਰਦਾ ਹਟਾਇਆ। ਉਨ੍ਹਾਂ ਕਿਹਾ ਕਿ ਅਜਾਇਬਘਰ ਵਿੱਚ ਸ਼ਹੀਦ ਊਧਮ ਸਿੰਘ ਦੇ ਜੀਵਨ ਨਾਲ ਸਬੰਧਤ ਥਾਂ ਥਾਂ ’ਤੇ ਪਈਆਂ ਵਸਤਾਂ ਲਿਆ ਕੇ ਰੱਖੀਆਂ ਜਾਣਗੀਆਂ। ਉਨ੍ਹਾਂ ਸਥਾਨਕ ਲੋਕਾਂ ਨੂੰ ਇਸ ਥਾਂ ਦੀ ਸੰਭਾਲ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਅਣਗੌਲੇ ਯੋਧੇ ਹਨ ਜੋ ਆਜ਼ਾਦੀ ਅੰਦੋਲਨ ਦੌਰਾਨ ਕਾਲੇਪਾਣੀ ਦੀ ਸਜ਼ਾ ਭੁਗਤਦਿਆਂ ਹੀ ਇਸ ਜਹਾਨ ਤੋਂ ਤੁਰ ਗਏ ਅਤੇ ਉਨ੍ਹਾਂ ਦੀਆਂ ਯਾਦਾਂ ਕਾਲੇਪਾਣੀ ਜੇਲ੍ਹ ਤੱਕ ਹੀ ਰਹਿ ਗਈਆਂ। ਉਨ੍ਹਾਂ ਨਾਇਕਾਂ ਦੀ ਯਾਦ ਵਿਚ ਜਲਦੀ ਹੀ ਸੂਬਾ ਸਰਕਾਰ ਯਾਦਗਾਰ ਬਣਾਏਗੀ। ਮੁੱਖ ਮੰਤਰੀ ਨੇ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਜੀਤ ਸਿੰਘ, ਗਿਆਨ ਸਿੰਘ, ਰਣਜੀਤ ਕੌਰ, ਜੀਤ ਸਿੰਘ ਪੁੱਤਰ ਬਚਨ ਸਿੰਘ, ਮੋਹਨ ਸਿੰਘ, ਸ਼ਾਮ ਸਿੰਘ, ਗੁਰਮੀਤ ਸਿੰਘ ਅਤੇ ਮਲਕੀਤ ਸਿੰਘ (ਸਾਰੇ ਸੁਨਾਮ ਵਾਸੀ) ਦਾ ਸਨਮਾਨ ਕੀਤਾ। ਕਾਂਗਰਸ ਦੀ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਸੰਜੈ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਕੰਵਲ ਪ੍ਰੀਤ ਬਰਾੜ, ਡਿਪਟੀ ਕਮਿਸ਼ਨਰ ਰਾਮਵੀਰ, ਡੀਆਈਜੀ ਵਿਕਰਮਜੀਤ ਦੁੱਗਲ, ਐੱਸਐੱਸਪੀ ਵਿਵੇਕ ਸ਼ੀਲ ਸੋਨੀ, ਐੱਸਡੀਐੱਮ ਮਨਜੀਤ ਕੌਰ ਅਤੇ ਡੀਐੱਸਪੀ ਬਲਜਿੰਦਰ ਸਿੰਘ ਪੰਨੂ ਵੀ ਹਾਜ਼ਰ ਸਨ। ਸੁਨਾਮ-ਬਠਿੰਡਾ ਮਾਰਗ ’ਤੇ ਸੁਰੱਖਿਆ ਬੰਦੋਬਸਤਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਵੀ ਝੱਲਣੀ ਪਈ।
ਕਾਂਗਰਸੀ ਆਗੂ ਰਾਜਾ ਬੀਰਕਲਾਂ ਰਹੇ ਗ਼ੈਰ-ਹਾਜ਼ਰ
ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਦੀ ਸਮਾਗਮ ਦੌਰਾਨ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਸਬੰਧੀ ਰਾਜਾ ਬੀਰਕਲਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਾਗਮ ਬਾਰੇ ਕੋਈ ਵੀ ਸੱਦਾ ਪੱਤਰ ਨਹੀਂ ਮਿਲਿਆ।
ਊਧਮ ਸਿੰਘ ਦਾ ਪਿਸਤੌਲ ਵਾਪਸ ਮੰਗਵਾਇਆ ਜਾਵੇਗਾ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਰਤਾਨੀਆ ਵਿਚ ਪਈ ਸ਼ਹੀਦ ਊਧਮ ਸਿੰਘ ਦੀ ਡਾਇਰੀ ਅਤੇ ਮਾਈਕਲ ਓਡਵਾਈਰ ਨੂੰ ਮਾਰਨ ਲਈ ਵਰਤੀ ਗਈ ਪਿਸਤੌਲ ਤੇ ਹੋਰ ਸਮਾਨ ਮੰਗਵਾਉਣ ਲਈ ਭਾਰਤ ਸਰਕਾਰ ਕੋਲ ਮੁੱਦਾ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਮਾਨ ਸਾਡੇ ਸੂਰਮੇ ਦੀ ਵਿਰਾਸਤ ਹੈ ਤੇ ਇਸ ਨੂੰ ਅਜਾਇਬਘਰ ਵਿਚ ਰੱਖਿਆ ਜਾਵੇਗਾ।
ਸੀਮਤ ਲੋਕਾਂ ਦੀ ਹਾਜ਼ਰੀ
ਸੀਮਤ ਲੋਕਾਂ ਦੀ ਹਾਜ਼ਰੀ ’ਚ ਹੀ ਮੁੱਖ ਮੰਤਰੀ ਨੇ ਸ਼ਹੀਦ ਦੀ ਯਾਦਗਾਰ ਲੋਕ ਅਰਪਣ ਕੀਤੀ। ਚਰਚਾ ਇਹ ਵੀ ਸੀ ਕਿ ਕੋਵਿਡ ਕਾਰਨ ਬਹੁਤਾ ਇਕੱਠ ਨਹੀਂ ਕੀਤਾ ਗਿਆ ਜਦਕਿ ਪੰਡਾਲ ਵਿਚ ਬਹੁਤੇ ਲੋਕ ਕੋਵਿਡ ਨਿਯਮਾਂ ਦਾ ਪਾਲਣ ਨਾ ਕਰਦੇ ਹੋਏ ਦੇਖੇ ਗਏ।