ਸ਼ਹੀਦ ਦੀ ਮਾਂ ਨੂੰ ਆਖਰੀ ਸਮੇਂ ਵੀ ਨਾ ਦਿਖਿਆ ਪੁੱਤ ਦਾ ਮੂੰਹ

ਸ਼ਹੀਦ ਦੀ ਮਾਂ ਨੂੰ ਆਖਰੀ ਸਮੇਂ ਵੀ ਨਾ ਦਿਖਿਆ ਪੁੱਤ ਦਾ ਮੂੰਹ

ਬੀਤੇ ਦਿਨ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸਰਹੱਦ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਸੁਖਵਿੰਦਰ ਸਿੰਘ ਦੀ ਮਾਤਾ ਨੂੰ ਆਪਣੇ ਸ਼ਹੀਦ ਹੋ ਚੁੱਕੇ ਪੁੱਤਰ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ। ਸ਼ਹੀਦ ਦੀ ਮਾਂ ਤਰਲੇ ਕੱਢਦੀ ਬੇਹੋਸ਼ ਹੋ ਗਈ, ਪਰ ਕਿਸੇ ਅਧਿਕਾਰੀ ਨੇ ਪੁੱਤਰ ਦਾ ਮੂੰਹ ਦੇਖਣ ਦੇਣ ਦੀ ਇੱਛਾ ਪੂਰੀ ਨਹੀਂ ਕੀਤੀ। ਸ਼ਹੀਦ ਸੁਖਵਿੰਦਰ ਸਿੰਘ ਦਾ ਸਸਕਾਰ ਅੱਜ ਉਸ ਦੇ ਜੱਦੀ ਪਿੰਡ ਫ਼ਤਹਿਪੁਰ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।
ਅੱਜ ਜਦੋਂ ਫ਼ੌਜ ਦੇ ਅਧਿਕਾਰੀ ਸੂਬੇਦਾਰ ਹਨੂਮੰਤ ਸਿੰਘ ਦੀ ਅਗਵਾਈ ਵਾਲੀ ਮਮੂਨ ਕੈਂਟ ਤੋਂ ਆਈ 19 ਪੰਜਾਬ ਰੈਜੀਮੈਂਟ ਦੀ ਟੀਮ ਹਾਜੀਪੁਰ ਟੀ-ਪੁਆਇੰਟ ’ਤੇ ਪੁੱਜੀ ਤਾਂ ਇਲਾਕੇ ਦੇ ਨੌਜਵਾਨਾਂ ਨੇ ਤਿਰੰਗੇ ਝੰਡੇ ਦੀ ਅਗਵਾਈ ਹੇਠ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਕਰੀਬ 7 ਕਿਲੋਮੀਟਰ ਦਾ ਸਫਰ ਤੈਅ ਕਰਕੇ ਵਿਛੜੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ।
ਇਸ ਦੌਰਾਨ ਸ਼ਹੀਦ ਦੀ ਮਾਂ ਸੰਤੋਸ਼ ਕੁਮਾਰੀ ਤੇ ਭਰਾ ਗੁਰਪਾਲ ਸਿੰਘ ਨੇ ਫੌਜੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਾਫੀ ਤਰਲੇ ਕੀਤੇ, ਪਰ ਉਸ ਨੂੰ ਕੱਪੜੇ ਵਿੱਚ ਲਿਪਟੀ ਆਪਣੇ ਪੁੱਤਰ ਦੀ ਲਾਸ਼ ਦਾ ਜਾਂਦੀ ਵਾਰ ਮੂੰਹ ਵੀ ਨਹੀਂ ਦੇਖਣ ਦਿੱਤਾ ਗਿਆ, ਜਿਸ ਕਾਰਨ ਵਿਰਲਾਪ ਕਰਦੀ ਹੋਈ ਮਾਤਾ ਬੇਹੋਸ਼ ਹੋ ਗਈ। ਸ਼ਹੀਦ ਸੁਖਵਿੰਦਰ ਸਿੰਘ ਦਾ ਸਸਕਾਰ ਪਿੰਡ ਫਤਹਿਪੁਰ ਦੇ ਸ਼ਮਸ਼ਾਨਘਾਟ ਵਿੱਚ ਹਲਕਾ ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ, ਵਿਧਾਇਕਾ ਮੁਕੇਰੀਆਂ ਇੰਦੂ ਬਾਲਾ, ਏਡੀਸੀ ਹਰਬੀਰ ਸਿੰਘ, ਐੱਸਡੀਐੱਮ ਅਸ਼ੋਕ ਕੁਮਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀ ਦੇਣ ਅਤੇ ਭਾਰਤੀ ਫ਼ੌਜ ਦੀ ਮਾਮੂਨ ਕੈਂਟ ਤੋਂ ਆਈ ਟੁਕੜੀ ਵੱਲੋਂ ਸਲਾਮੀ ਦੇਣ ਮਗਰੋਂ ਕਰ ਦਿੱਤਾ ਗਿਆ। ਸ਼ਹੀਦ ਦੀ ਚਿਤਾ ਨੂੰ ਅਗਨੀ ਉਸ ਦੇ ਭਰਾ ਗੁਰਪਾਲ ਸਿੰਘ ਨੇ ਦਿੱਤੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ ਤੋਂ ਪੁੱਜੇ ਕਰਨਲ ਦਲਵੀਰ ਸਿੰਘ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ 5 ਲੱਖ ਦੀ ਗ੍ਰਾਂਟ ਅਤੇ ਪਲਾਟ ਦੇਣ ਸਮੇਤ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸ਼ਹੀਦ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਦੇਣ ਦਾ ਵਾਅਦਾ ਕੀਤਾ।

Radio Mirchi