ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਤਿਆਰ
ਸ਼ਾਹੀਨ ਬਾਗ ਦੇ ਕੁਝ ਪ੍ਰਦਰਸ਼ਨਕਾਰੀਆਂ ਨੇ ਅੱਜ ਕਿਹਾ ਕਿ ਉਹ ਨਵੇਂ ਨਾਗਰਿਕਤਾ ਕਾਨੂੰਨ ਸਬੰਧੀ ਆਪਣੀਆਂ ਚਿੰਤਾਵਾਂ ਦੱਸਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਤਿਆਰ ਹਨ ਪਰ ਨਾਲ ਹੀ ਕਿਹਾ ਕਿ ਗੱਲਬਾਤ ਲਈ ਸੱਦਾ ਦੇਣ ਦੀ ਪਹਿਲ ਸਰਕਾਰ ਨੂੰ ਕਰਨੀ ਪਵੇਗੀ।
ਪਿਛਲੇ ਦੋ ਮਹੀਨਿਆਂ ਤੋਂ ਸ਼ਾਹੀਨ ਬਾਗ ਵਿੱਚ ਸੀਏਏ, ਐੱਨਆਰਸੀ ਅਤੇ ਐੱਨਪੀਆਰ ਵਿਰੁਧ ਰੋਸ ਧਰਨੇ ’ਤੇ ਬੈਠੇ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਹਨ, ਨੇ ਕਿਹਾ ਕਿ ਇਹ ਪ੍ਰਦਰਸ਼ਨ ‘ਬਿਨਾਂ ਕਿਸੇ ਆਗੂ’ ਤੋਂ ਚੱਲ ਰਿਹਾ ਹੈ ਅਤੇ ਇਹ ਗ੍ਰਹਿ ਮੰਤਰੀ ਨੇ ਫ਼ੈਸਲਾ ਕਰਨਾ ਹੈ ਕਿ ਉਹ ਕਿਹੜੇ ਲੋਕਾਂ ਨੂੰ ਗੱਲਬਾਤ ਲਈ ਸੱਦਾ ਦੇਣਾ ਚਾਹੁੰਦੇ ਹਨ। ਇਸ ਸਬੰਧੀ ਇੱਕ ਬੁਲਾਰੇ ਨੇ ਮੰਚ ਤੋਂ ਹੋਕਾ ਵੀ ਦਿੱਤਾ। ਇੱਕ ਪ੍ਰਬੰਧਕ ਸਈਦ ਅਹਿਮਦ ਤਾਸੀਰ ਨੇ ਕਿਹਾ, ‘‘ਅਸੀਂ ਗ੍ਰਹਿ ਮੰਤਰੀ ਨੂੰ ਮਿਲਣ ਲਈ ਤਿਆਰ ਹਾਂ। ਪਰ ਉਹ ਇਹ ਸਪੱਸ਼ਟ ਕਰਨ ਕਿ ਉਹ ਕਿੰਨੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ।’’ ਪ੍ਰਦਰਸ਼ਨ ਵਿੱਚ ਲਗਾਤਾਰ ਸ਼ਾਮਲ ਹੋ ਰਹੀ ਮੇਹਰੂਨਿਸਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵਲੋਂ ਐਤਵਾਰ ਨੂੰ ਗ੍ਰਹਿ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਜਾਵੇਗਾ। ਉਸ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਸੀਏਏ, ਐੱਨਆਰਸੀ ਅਤੇ ਐੱਨਪੀਆਰ ਵਾਪਸ ਲੈਣ ਲਈ ਕਹਾਂਗੇ।’’ ਉਨ੍ਹਾਂ ਕਿਹਾ ਕਿ ਇਹ ਮੰਗ ਪੂਰੀ ਹੋਣ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਇਸ ਹਫ਼ਤੇ ਦੇ ਸ਼ੁਰੂ ਵਿੱਚ ਸ਼ਾਹ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਜੋ ਵੀ ਕੋਈ ਸੀਏਏ ਨਾਲ ਸਬੰਧਤ ਮਸਲਿਆਂ ’ਤੇ ਗੱਲ ਕਰਨਾ ਚਾਹੁੰਦਾ ਹੈ, ਉਹ ਉਨ੍ਹਾਂ ਦੇ ਦਫ਼ਤਰ ਤੋਂ ਸਮਾਂ ਲੈ ਸਕਦਾ ਹੈ। ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਸਮਾਂ ਦਿੱਤਾ ਜਾਵੇਗਾ।’