ਸ਼ਾਹੀਨ ਬਾਗ਼ ਰੋਸ ਮੁਜ਼ਾਹਰੇ ਨੇੜੇ ਚਲਾਈ ਗੋਲੀ

ਸ਼ਾਹੀਨ ਬਾਗ਼ ਰੋਸ ਮੁਜ਼ਾਹਰੇ ਨੇੜੇ ਚਲਾਈ ਗੋਲੀ

ਦਿੱਲੀ ਦੇ ਜਾਮੀਆ ਨਗਰ ਦੇ ਸ਼ਾਹੀਨ ਬਾਗ ਏਰੀਆ, ਜਿੱਥੇ ਕੌਮੀ ਨਾਗਰਿਕਤਾ ਕਾਨੂੰਨ (ਸੀਏਏ) ਖ਼ਿਲਾਫ਼ ਰੋਸ ਮੁਜ਼ਾਹਰਾ ਚੱਲ ਰਿਹਾ ਹੈ, ਵਿੱਚ ਅੱਜ ਇੱਕ ਵਿਅਕਤੀ ਨੇ ਦੋ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਾਮ ਪੰਜ ਵਜੇ ਦੇ ਕਰੀਬ ਵਾਪਰੀ ਇਸ ਘਟਨਾ ’ਚ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਕਪਿਲ ਗੁੱਜਰ ਨਾਂ ਦੇ ਵਿਅਕਤੀ ਨੇ ਰੋਸ ਮੁਜ਼ਾਹਰੇ ਦੀ ਸਟੇਜ ਦੇ ਪਿੱਛੇ ਤਕਰੀਬਨ 250 ਮੀਟਰ ਦੀ ਦੂਰ ਪੁਲੀਸ ਬੈਰੀਕੇਡ ਨੇੜਿਓਂ ਗੋਲੀਆਂ
ਚਲਾਈਆਂ। ਉਸ ਨੂੰ ਪੁਲੀਸ ਨੇ ਤੁਰੰਤ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਦੇ ਡਿਪਟੀ ਕਮਿਸ਼ਨਰ (ਦੱਖਣ-ਪੂਰਬ) ਚਿਨਮੌਇ ਬਿਸਵਾਲ ਨੇ ਕਿਹਾ, ‘ਮੁਲਜ਼ਮ ਨੂੰ ਪੁਲੀਸ ਨੇ ਤੁਰੰਤ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’ ਪੁਲੀਸ ਜਦੋਂ ਮੁਲਜ਼ਮ ਨੂੰ ਲਿਜਾ ਰਹੀ ਸੀ ਤਾਂ ਉਹ ‘ਸਾਡੇ ਦੇਸ਼ ਵਿੱਚ ਸਿਰਫ਼ ਹਿੰਦੂਆਂ ਦੀ ਚੱਲੇਗੀ। ਹੋਰ ਕਿਸੇ ਦੀ ਨਹੀਂ ਚੱਲੇਗੀ’ ਬੋਲ ਰਿਹਾ ਸੀ। ਮੁਲਜ਼ਮ ਨੇ ਖੁਦ ਨੂੰ ਯੂਪੀ ਦੇ ਪਿੰਡ ਡੱਲੂਪੁਰਾ ਦਾ ਵਸਨੀਕ ਦੱਸਿਆ। ਉਸ ਨੇ ‘ਹਿੰਦੂ ਰਾਸ਼ਟਰ ਜ਼ਿੰਦਾਬਾਦ’ ਦੇ ਨਾਅਰੇ ਵੀ ਮਾਰੇ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਸ਼ਾਹੀਨ ਬਾਗ਼ ਵਿੱਚ ਗੋਲੀ ਚੱਲਣ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਜਪਾ ਕੌਮੀ ਰਾਜਧਾਨੀ ਵਿੱਚ ਕੁਝ ‘ਵੱਡੀ ਗੜਬੜ’ ਕਰਨ ਦੀ ਯੋਜਨਾ ਘੜ ਰਹੀ ਹੈ, ਤਾਂ ਕਿ 8 ਫਰਵਰੀ ਦੀਆਂ ਚੋਣਾਂ ਨੂੰ ਅੱਗੇ ਪਾਇਆ ਜਾ ਸਕੇ। ਭਾਜਪਾ ਦੇ ਮੀਡੀਆ ਇੰਚਾਰਜ ਅਸ਼ੋਕ ਗੋਇਲ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਿਆ ਹੈ। ਇਸ ਘਟਨਾ ਦੀ ਆਲੋਚਨਾ ਕਰਦਿਆਂ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ, ‘ਗੋਲੀ ਚਲਾਉਣ ਵਾਲਾ ਬਦਲ ਗਿਆ ਹੈ ਪਰ ਵਿਚਾਰਧਾਰਾ ਉਹੀ ਹੈ ਜੋ 1948 (ਨਾਥੂਰਾਮ ਗੋਡਸੇ) ਵਿੱਚ ਸੀ। ਭਾਜਪਾ ਮੇਕ ਇਨ ਇੰਡੀਆ ’ਤੇ ਧਿਆਨ ਦੇਣ ਦੀ ਥਾਂ ਨਫਰਤ ਫੈਲਾਉਣ ’ਤੇ ਜ਼ਿਆਦਾ ਧਿਆਨ ਦੇ ਰਹੀ ਹੈ।’

Radio Mirchi