ਸ਼ਾਹੀਨ ਬਾਗ਼: ਕਾਲਿੰਦੀ ਕੁੰਜ ਸੜਕ ਖੁੱਲ੍ਹਵਾਉਣ ਲਈ ਲੋਕਾਂ ਵੱਲੋਂ ਮੁਜ਼ਾਹਰਾ

ਸ਼ਾਹੀਨ ਬਾਗ਼: ਕਾਲਿੰਦੀ ਕੁੰਜ ਸੜਕ ਖੁੱਲ੍ਹਵਾਉਣ ਲਈ ਲੋਕਾਂ ਵੱਲੋਂ ਮੁਜ਼ਾਹਰਾ

ਦਿੱਲੀ ਦੇ ਦੱਖਣੀ ਇਲਾਕੇ ਵਿੱਚ ਸ਼ਾਹੀਨ ਬਾਗ਼ ਵਿਖੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ 50 ਦਿਨਾਂ ਤੋਂ ਲਗਾਤਾਰ ਦਿੱਤੇ ਜਾ ਰਹੇ ਧਰਨੇ ਦੇ ਵਿਰੋਧ ਵਿੱਚ ਅੱਜ ਸਥਾਨਕ ਲੋਕਾਂ ਨੇ ਮੁਜ਼ਾਹਰਾ ਕੀਤਾ। ਉਹ ਨੋਇਡਾ-ਮਹਿਰੌਲੀ ਸੜਕ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਸਨ। ਰੋਸ ਪ੍ਰਦਰਸ਼ਨ ਵਿੱਚ ਦਿੱਲੀ-ਐਨਸੀਆਰ ਦੇ ਇਲਾਕਿਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਬੀਤੇ ਡੇਢ ਮਹੀਨੇ ਤੋਂ ਧਰਨਾ ਜਾਰੀ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਐਲਾਨੇ ਗਏ ਇਸ ਪ੍ਰਦਰਸ਼ਨ ਪਿੱਛੇ ਸੱਜੇ ਪੱਖੀ ਧਿਰਾਂ ਮੰਨੀਆਂ ਜਾ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਸ਼ਾਹੀਨ ਬਾਗ਼ ਵਾਲੇ ਧਰਨੇ ਨੂੰ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ ਵਿਖੇ ਤਬਦੀਲ ਕਰਨ ਦੀ ਮੰਗ ਕਰਦਿਆਂ ਉਕਤ ਸੜਕ ਖੋਲ੍ਹਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀ ਸ਼ਾਹੀਨ ਬਾਗ਼ ਵਿਖੇ ਧਰਨਾ ਦੇ ਰਹੀਆਂ ਔਰਤਾਂ ਤੋਂ ਕਰੀਬ 300 ਮੀਟਰ ਦੂਰ ਰੱਖੇ ਗਏ। ਦਿੱਲੀ ਪੁਲੀਸ ਦੇ ਡੀਸੀਪੀ ਚਿਨਮਯ ਬਿਸਵਾਸ ਤੇ ਹੋਰ ਉੱਚ ਅਧਿਕਾਰੀ ਮੌਕੇ ‘ਤੇ ਮੌਜੂਦ ਸਨ ਤੇ ਉਹ ਹਾਲਾਤ ’ਤੇ ਨਜ਼ਰ ਰੱਖ ਰਹੇ ਸਨ। ਦਿੱਲੀ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਅਧਿਕਾਰੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਦੇਖੇ ਗਏ। ਪ੍ਰਦਰਸ਼ਨਕਾਰੀਆਂ ਵਿੱਚ ਔਰਤਾਂ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਵਿੱਚ ਕੌਮੀ ਝੰਡਾ ਫੜਿਆ ਹੋਇਆ ਸੀ ਤੇ ਉਹ ‘ਭਾਰਤ ਮਾਤਾ ਕੀ ਜੈ’, ‘ਜੈ ਸ੍ਰੀ ਰਾਮ’, ‘ਵੰਦੇ ਮਾਤਰਮ’ ਤੇ ‘ਸ਼ਾਹੀਨ ਬਾਗ਼ ਖਾਲੀ ਕਰੋ’ ਦੇ ਨਾਅਰੇ ਲਾ ਰਹੇ ਸਨ। ਰਿਪੋਰਟਾਂ ਮੁਤਾਬਕ ਇਸ ਪ੍ਰਦਰਸ਼ਨ ਪਿੱਛੇ ਬਜਰੰਗ ਦਲ, ਗਊ ਰੱਖਿਆ ਸਮਿਤੀ ਤੇ ਬਜਰੰਗ ਅਖਾੜਾ ਕਮੇਟੀ ਦੇ ਕਾਰਕੁਨ ਹੋ ਸਕਦੇ ਹਨ। ਪੁਲੀਸ ਨੇ 52 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਛੇਤੀ ਛੱਡ ਦਿੱਤਾ ਜਾਵੇਗਾ। ਬੀਤੇ ਦਿਨ ‘ਆਪ’ ਆਗੂਆਂ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਭਾਜਪਾ 2 ਫਰਵਰੀ ਨੂੰ ਕੁੱਝ ਵੱਡਾ ਕਰ ਸਕਦੀ ਹੈ। ਇਸ ਲਈ ਸੁਰੱਖਿਆ ਪ੍ਰਬੰਧ ਕੀਤੇ ਜਾਣ। ਸ਼ਾਹੀਨ ਬਾਗ਼ ਦੇ ਧਰਨੇ ਦੌਰਾਨ 2 ਵਾਰ ਗੋਲੀ ਚੱਲ ਚੁੱਕੀ ਹੈ ਤੇ ਇਕ ਵਾਰ ਵਿਅਕਤੀ ਪਿਸਤੌਲ ਲੈ ਕੇ ਧਰਨੇ ਵਾਲੀ ਥਾਂ ਪੁੱਜਿਆ ਸੀ। ਇਸੇ ਦੌਰਾਨ ਸਥਾਨਕ ਚੋਣ ਅਧਿਕਾਰੀਆਂ ਅਤੇ ਪੁਲੀਸ ਅਧਿਕਾਰੀਆਂ ਨੇ ਮੀਟਿੰਗ ਕੀਤੀ ਤੇ ਸ਼ਾਹੀਨ ਬਾਗ ਦੀ ਹਾਲਤ ਦਾ ਜਾਇਜ਼ਾ ਲਿਆ। ਚੋਣਾਂ ਲਈ ਮਾਹੌਲ ਠੀਕ ਹੋਣ ਬਾਰੇ ਪੁੱਛੇ ਜਾਣ ’ਤੇ ਇਕ ਅਧਿਕਾਰੀ ਨੇ ਕਿਹਾ ਕਿ ਹਾਂ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਤੇ ਅਧਿਕਾਰੀ ਪੂਰੀ ਤਰ੍ਹਾਂ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ।

Radio Mirchi