ਸ਼ਿਮਲਾ ਘੁੰਮਣ ਗਏ ਪੰਜ ਨੌਜਵਾਨਾਂ ਦੀ ਮੌਤ

ਸ਼ਿਮਲਾ ਘੁੰਮਣ ਗਏ ਪੰਜ ਨੌਜਵਾਨਾਂ ਦੀ ਮੌਤ

ਕਾਲਕਾ-ਸ਼ਿਮਲਾ ਕੌਮੀ ਮਾਰਗ ’ਤੇ ਕੰਡਾਘਾਟ ਨੇੜੇ ਕਾਰ ਖੱਡ ’ਚ ਡਿੱਗਣ ਕਾਰਨ ਪੰਜ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਾਰੇ ਕਾਰ ਸਵਾਰ ਸ਼ਿਮਲਾ ਘੁੰਮਣ ਜਾ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਲੰਘੀ ਰਾਤ ਦਸ ਵਜੇ ਦੇ ਕਰੀਬ ਵਾਪਰਿਆ। ਇਸ ਹਾਦਸੇ ਦਾ ਪਤਾ ਸਭ ਤੋਂ ਪਹਿਲਾਂ ਅੱਜ ਸਵੇਰੇ ਸਥਾਨਕ ਵਾਸੀ ਭੁਪਿੰਦਰ ਸ਼ਰਮਾ ਨੂੰ ਲੱਗਾ। ਅੱਜ ਕੰਮ ’ਤੇ ਜਾਂਦੇ ਸਮੇਂ ਉਸ ਨੂੰ ਇੱਥੇ ਕਾਰ ਡਿੱਗੀ ਹੋਣ ਦਾ ਅਹਿਸਾਸ ਹੋਇਆ ਪਰ ਹਨੇਰਾ ਹੋਣ ਕਾਰਨ ਉਸ ਨੂੰ ਕੁਝ ਦਿਖਾਈ ਨਾ ਦਿੱਤਾ। ਬਾਅਦ ਵਿੱਚ ਫੈਕਟਰੀ ਵਿਚਲੇ ਆਪਣੇ ਸਾਥੀਆਂ ਨਾਲ ਆ ਕੇ ਸਵੇਰੇ 8 ਵਜੇ ਉਸ ਦੇਖਿਆ ਤਾਂ ਉਨ੍ਹਾਂ ਨੂੰ ਇੱਥੇ ਕਾਰ ਡਿੱਗੀ ਹੋਈ ਦਿਖਾਈ ਦਿੱਤੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲੀਸ ਨੇ ਖੱਡ ’ਚ ਡਿੱਗੀ ਕਾਰ (ਐੱਚਆਰ 03 ਟੀ 0534) ’ਚੋਂ ਲਾਸ਼ਾਂ ਬਾਹਰ ਕੱਢੀਆਂ। ਮ੍ਰਿਤਕਾਂ ਦੀ ਪਛਾਣ ਵਿਪੁਲ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਪਿੰਡ ਗੜ੍ਹੀ, ਰਾਹੁਲ ਖਾਨ ਪੁੱਤਰ ਬਾਬੂ ਰਾਮ ਵਾਸੀ ਮੀਰਪੁਰ, ਸਚਿਨ ਧੀਮਾਨ ਪੁੱਤਰ ਰਾਜੇਸ਼ ਕੁਮਾਰ ਵਾਸੀ ਗੜ੍ਹੀ, ਹੁਸਨ ਪਾਲ ਪੁੱਤਰ ਪੀਰਦਯਾ ਸਿੰਘ ਵਾਸੀ ਮੀਰਪੁਰ ਅਤੇ ਮਹਾਂਵੀਰ ਸਿੰਘ ਪੁੱਤਰ ਸੁਮੇਰ ਚੰਦ ਵਾਸੀ ਰਾਏਪੁਰ ਰਾਣੀ ਵਜੋਂ ਹੋਈ ਹੈ। ਸੋਲਨ ਦੇ ਹਸਪਤਾਲ ’ਚ ਪੋਸਟ ਮੋਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Radio Mirchi