ਸ਼ਿਲਾਂਗ ’ਚ ਦੋ ਨੌਜਵਾਨਾਂ ਦੀ ਮੌਤ ਮਗਰੋਂ ਮੁੜ ਕਰਫਿਊ
ਇੱਥੋਂ ਦੀ ਵਿਅਸਤ ਲੈਵਦੁਹ ਮਾਰਕੀਟ ਵਿੱਚ ਅੱਜ ਚਾਕੂ ਮਾਰ ਕੇ ਇਕ ਪਰਵਾਸੀ ਮਜ਼ਦੂਰ ਦੀ ਹੱਤਿਆ ਕਰ ਦਿੱਤੀ ਗਈ, ਜਿਸ ਨਾਲ ਮੇਘਾਲਿਆ ਵਿੱਚ ਕਬਾਇਲੀ ਤੇ ਗੈਰ-ਕਬਾਇਲੀ ਸਮੂਹਾਂ ਵਿਚਾਲੇ ਹੋਈਆਂ ਝੜਪਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ। ਇਸੇ ਦੌਰਾਨ ਖਾਸੀ ਸਟੂਡੈਂਟਸ ਯੂਨੀਅਨ ਦੇ ਇਕ ਕਾਰਕੁਨ ਦੀ ਸ਼ੁੱਕਰਵਾਰ ਨੂੰ ਮੌਤ ਮਗਰੋਂ ਸ਼ਿਲਾਂਗ ਦੇ ਦੋ ਪੁਲੀਸ ਸਟੇਸ਼ਨਾਂ ਅਧੀਨ ਪੈਂਦੇ ਇਲਾਕਿਆਂ ’ਚ ਅੱਜ ਕਰਫਿਊ ’ਚ ਚਾਰ ਘੰਟਿਆਂ ਦੀ ਢਿੱਲ ਮਗਰੋਂ ਮੁੜ ਕਰਫਿਊ ਲਗਾ ਦਿੱਤਾ ਗਿਆ ਹੈ।
ਐੱਸ.ਪੀ. ਕਲੌਡੀਆ ਲਿੰਗਵਾ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ਹਿਰ ਵਿੱਚ ਛੁਰੇਬਾਜ਼ੀ ਵਿੱਚ ਸੱਤ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨੀ ਅਜੇ ਬਾਕੀ ਹੈ। ਸੋਹਰਾ ਸਿਵਲ ਸਬ-ਡਿਵੀਜ਼ਨ ਵਿੱਚ ਸੋਹਰਾ ਮਾਰਕੀਟ ਵਿੱਚ ਭੀੜ ਵੱਲੋਂ ਕੀਤੇ ਗਏ ਇਕ ਹੋਰ ਹਮਲੇ ਵਿੱਚ ਇਕ ਪਰਵਾਸੀ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸ਼ਿਲਾਂਗ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਝੜਪਾਂ ਵਿੱਚ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। ਉੱਧਰ, ਅਪੁਸ਼ਟ ਖ਼ਬਰਾਂ ਮੁਤਾਬਕ ਛੁਰੇਬਾਜ਼ੀ ਅਤੇ ਝੜਪਾਂ ’ਚ 8 ਤੋਂ 9 ਵਿਅਕਤੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਛੇ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ’ਤੇ 48 ਘੰਟਿਆਂ ਲਈ ਪਾਬੰਦੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਲੁਮਦਿਨਗਜਿਰੀ ਅਤੇ ਸ਼ਿਲਾਂਗ ਸ਼ਹਿਰ ਦੇ ਸਦਰ ਪੁਲੀਸ ਸਟੇਸ਼ਨਾਂ ਤਹਿਤ ਪੈਂਦੇ ਇਲਾਕਿਆਂ ’ਚ ਮੁੜ ਕਰਫਿਊ ਲਗਾਇਆ ਗਿਆ ਹੈ। ਸੰਵੇਦਨਸ਼ੀਲ ਇਲਾਕਿਆਂ ’ਚ ਹਥਿਆਰਬੰਦ ਪੁਲੀਸ ਬਲਾਂ ਦੀਆਂ ਪੰਜ ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲੀਸ ਨੇ ਇੱਛਾਮਤੀ ਦੀ ਰੈਲੀ ਦੌਰਾਨ ਹਮਲੇ ਦੇ ਸਬੰਧ ’ਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਇਨਰ ਲਾਈਨ ਪਰਮਿਟ (ਆਈਐੱਲਪੀ) ਦੇ ਮੁੱਦੇ ’ਤੇ ਹੋਈਆਂ ਮੀਟਿੰਗਾਂ ਮਗਰੋਂ ਕੇਐੱਸਯੂ ਮੈਂਬਰਾਂ ਅਤੇ ਗ਼ੈਰ-ਕਬਾਇਲੀਆਂ ਵਿਚਕਾਰ ਝੜਪਾਂ ਮਗਰੋਂ ਸ਼ੁੱਕਰਵਾਰ ਨੂੰ ਕਰਫਿਊ ਲਗਾ ਦਿੱਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਸੂਬੇ ’ਚ ਹੁਣ ਹਾਲਾਤ ਕਾਬੂ ਹੇਠ ਹਨ ਅਤੇ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਈਸਟ ਖਾਸੀ ਹਿੱਲਜ਼ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐੱਮ ਵਾਰ ਨੋਂਗਬਰੀ ਨੇ ਦੱਸਿਆ ਕਿ ਇਹਤਿਆਤ ਵਜੋਂ ਕਰਫਿਊ ਲਾਗੂ ਕੀਤਾ ਗਿਆ ਹੈ।
ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਈਸਟ ਖਾਸੀ ਹਿੱਲਜ਼ ਜ਼ਿਲ੍ਹੇ ਦੇ ਇੱਛਾਮਤੀ ਇਲਾਕੇ ’ਚ ਸ਼ੁੱਕਰਵਾਰ ਨੂੰ ਖਾਸੀ ਸਟੂਡੈਂਟਸ ਯੂਨੀਅਨ ਦੇ ਮੈਂਬਰਾਂ ਅਤੇ ਗ਼ੈਰ-ਕਬਾਇਲੀਆਂ ਦੀ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਅਤੇ ਆਈਐੱਲਪੀ ਪੱਖੀ ਮੀਟਿੰਗਾਂ ਮਗਰੋਂ ਝੜਪਾਂ ਸ਼ੁਰੂ ਹੋਈਆਂ ਸਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਝੜਪਾਂ ਦੌਰਾਨ ਕੇਐੱਸਯੂ ਕਾਰਕੁਨ ਲੁਰਸ਼ਾਈ ਹਿਨੀਵਤਾ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਮੇਘਾਲਿਆ ਦੇ ਰਾਜਪਾਲ ਤਥਾਗਤ ਰਾਏ ਨੇ ਲੋਕਾਂ ਨੂੰ ਸ਼ਾਂਤੀ ਬਹਾਲ ਰੱਖਣ ਦੀ ਅਪੀਲ ਕਰਦਿਆਂ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਲਈ ਕਿਹਾ ਹੈ। ਸੂਬੇ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸ਼ੁੱਕਰਵਾਰ ਨੂੰ ਹਿੰਸਾ ਵਿੱਚ ਮਰੇ ਵਿਅਕਤੀ ਦੇ ਪਰਿਵਾਰ ਲਈ ਦੋ ਲੱਖ ਰੁਪਏ ਐਕਸਗ੍ਰੇਸੀਆ ਦਾ ਐਲਾਨ ਕੀਤਾ ਹੈ।