ਸ਼ਿਵ ਸੈਨਾ ਆਗੂ ਦੇ ਭਰਾ ਦਾ ਭੇਤ-ਭਰੀ ਹਾਲਤ ’ਚ ਕਤਲ
ਸ਼ਿਵ ਸੈਨਾ (ਬਾਲ ਠਾਕਰੇ) ਦੀ ਪੰਜਾਬ ਇਕਾਈ ਦੇ ਉਪ ਪ੍ਰਧਾਨ ਦੇ ਭਰਾ ਦਾ ਭੇਤ-ਭਰੀ ਹਾਲਤ ਵਿੱਚ ਅੱਜ ਦਿਨ ਚੜ੍ਹਨ ਤੋਂ ਪਹਿਲਾਂ ਹੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਉਸ ਦੇ ਘਰ ਤੋਂ ਕਰੀਬ 50 ਮੀਟਰ ਦੂਰੀ ’ਤੇ ਗਲ਼ੀ ਵਿਚੋਂ ਮਿਲੀ। ਮ੍ਰਿਤਕ ਦੀ ਪਛਾਣ ਮੁਕੇਸ਼ ਨਈਅਰ ਵਾਸੀ ਭੰਡਾਰੀ ਮੁਹੱਲਾ ਵਜੋਂ ਹੋਈ ਹੈ। ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਪਹੁੰਚਾ ਦਿੱਤੀ। ਇਸ ਘਟਨਾ ਦੇ ਸੋਗ ਵਜੋਂ ਸ਼ਹਿਰ ਵਿੱਚ ਕਈ ਦੁਕਾਨਾਂ ਬੰਦ ਰਹੀਆਂ। ਫਿਲਹਾਲ ਕਤਲ ਦਾ ਕੋਈ ਕਾਰਨ ਅਤੇ ਸੁਰਾਗ ਨਹੀਂ ਮਿਲਿਆ। ਪੁਲੀਸ ਵਲੋਂ ਨਜ਼ਦੀਕੀ ਖੇਤਰ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਘਾਲੀ ਜਾ ਰਹੀ ਹੈ। ਬਾਅਦ ਦੁਪਹਿਰ ਸ਼ਿਵ ਸੈਨਾ (ਬਾਲ ਠਾਕਰੇ) ਦੇ ਪੰਜਾਬ ਦੇ ਆਗੂ ਸਿਵਲ ਹਸਪਤਾਲ ਬਟਾਲਾ ਵਿਚ ਇਕੱਠੇ ਹੋਏ ਅਤੇ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਲਾਸ਼ ਐਂਬੂਲੈਂਸ ਵਿੱਚ ਪਾ ਕੇ ਸਥਾਨਕ ਗਾਂਧੀ ਚੌਕ ਵਿੱਚ ਧਰਨਾ ਲਾ ਦਿੱਤਾ। ਇਸ ਮੌਕੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ, ਉਪ ਪ੍ਰਧਾਨ ਹਰਵਿੰਦਰ ਸੋਨੀ, ਚੇਤਨ ਕੱਕੜ ਤੇ ਬਿੱਟੂ ਯਾਦਵ ਨੇ ਕਿਹਾ ਕਿ ਜਦੋਂ ਤੋਂ ਸ਼ਿਵ ਸੈਨਾ ਦੇ ਆਗੂਆਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਦੋਂ ਤੋਂ ਹੀ ਪੰਜਾਬ ਵਿੱਚ ਹਿੰਦੂ ਆਗੂਆਂ ’ਤੇ ਹਮਲੇ ਹੋ ਰਹੇ ਹਨ। ਇਹ ਧਰਨਾ ਕਰੀਬ ਦੋ ਘੰਟੇ ਚੱਲਦਾ ਰਿਹਾ ਅਤੇ ਐੱਸਐੱਸਪੀ ਬਟਾਲਾ ਉਪਿੰਜਰਜੀਤ ਸਿੰਘ ਘੁੰਮਣ ਵੱਲੋਂ ਕਾਤਲਾਂ ਨੂੰ 2-3 ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
ਵਾਰਦਾਤ ਬਾਰੇ ਮ੍ਰਿਤਕ ਦੇ ਭਰਾ ਅਤੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਪੰਜਾਬ ਦੇ ਉਪ ਪ੍ਰਧਾਨ ਰਮੇਸ਼ ਨਈਅਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਮੁਕੇਸ਼ ਨਈਅਰ ਸਬਜ਼ੀ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਦਾ ਸੀ ਅਤੇ ਉਹ ਰੋਜ਼ਾਨਾ ਵਾਂਗ ਤੜਕਸਾਰ 4 ਵਜੇ ਉੱਠ ਕੇ ਘਰੋਂ ਮੰਡੀ ਲਈ ਨਿਕਲਿਆ ਸੀ ਪਰ ਉਹ ਮੰਡੀ ਨਹੀਂ ਪਹੁੰਚਿਆ। ਕਰੀਬ 5 ਵਜੇ ਉਸ ਦੇ ਮੁਨੀਮ ਨੇ ਫੋਨ ਕਰਕੇ ਉਸ ਦੇ ਮੰਡੀ ਨਾ ਪਹੁੰਚਣ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ। ਉਨ੍ਹਾਂ ਨੇ ਭਾਲ ਸ਼ੁਰੂ ਕੀਤੀ ਤਾਂ ਕਰੀਬ ਇੱਕ ਘੰਟੇ ਬਾਅਦ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਉਸ ਦੇ ਭਰਾ ਦੀ ਲਾਸ਼ ਭੰਡਾਰੀ ਮੁਹੱਲੇ ਦੇ ਬਾਜ਼ਾਰ ਵਿੱਚ ਪਈ ਹੈ, ਜਿਸ ’ਤੇ ਤੇਜ਼ਧਾਰ ਹਥਿਆਰਾਂ ਦੇ ਕਈ ਵਾਰ ਸਨ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।