ਸ਼ਿਵ ਸੈਨਾ ਦੇ ਥਿੜਕਣ ਮਗਰੋਂ ਐੱਨਸੀਪੀ ਨੂੰ ਮਿਲਿਆ ਮੌਕਾ
ਮੁੰਬਈ-ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਚੱਲ ਰਹੇ ਜੋੜ ਤੋੜ ਦਰਮਿਆਨ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸ਼ਿਵ ਸੈਨਾ ਵੱਲੋਂ ਸਰਕਾਰ ਬਣਾਉਣ ਲਈ ਲੋੜੀਂਦੀ ਹਮਾਇਤ ਸਬੰਧੀ ਪੱਤਰ ਪੇਸ਼ ਕਰਨ ਵਿਚ ਨਾਕਾਮ ਰਹਿਣ ਮਗਰੋਂ ਦੇਰ ਰਾਤ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੂੰ ਅਗਲੇ 24 ਘੰਟਿਆਂ ’ਚ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਐੱਨਸੀਪੀ ਨੇ ਹਾਂਲਾਕਿ ਸਾਫ਼ ਕਰ ਦਿੱਤਾ ਕਿ ਉਹ ਆਪਣੇ ਭਾਈਵਾਲ ਕਾਂਗਰਸ ਨਾਲ ਸਲਾਹ ਮਸ਼ਵਰੇ ਮਗਰੋਂ ਭਲਕੇ ਕੋਈ ਫੈਸਲਾ ਲਏਗੀ। ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇ ਲੋੜੀਂਦੀ ‘ਿਸਧਾਂਤਕ’ ਹਮਾਇਤ ਦਰਸਾਉਣ ਲਈ ਰਾਜਪਾਲ ਕੋਲੋਂ ਤਿੰਨ ਦਿਨ ਦਾ ਸਮਾਂ ਮੰਗਿਆ ਸੀ, ਪਰ ਰਾਜਪਾਲ ਨੇ ਇਸ ਤੋਂ ਕੋਰੀ ਨਾਂਹ ਕਰ ਦਿੱਤੀ। ਇਸੇ ਦੌਰਾਨ ਦੇਰ ਰਾਤ ਐਨਸੀਪੀ ਆਗੂ ਅਜੀਤ ਪਵਾਰ ਤੇ ਧਨੰਜਯ ਮੁੰਡੇ ਨੇ ਰਾਜਪਾਲ ਕੋਸ਼ਿਆਰੀ ਨਾਲ ਮੁਲਾਕਾਤ ਮਗਰੋਂ ਕਿਹਾ ਕਿ ਸੂਬੇ ਵਿੱਚ ਤਿੰਨ ਪਾਰਟੀਆਂ ਦੇ ਗੱਠਜੋੜ ਨਾਲ ਹੀ ਸਰਕਾਰ ਬਣੇਗੀ। ਉਧਰ, ਭਾਜਪਾ ਨੇ ਅਗਲੇਰੀ ਰਣਨੀਤੀ ਘੜਨ ਲਈ ਮੰਗਲਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ।
ਰਾਜਪਾਲ ਕੋਸਿ਼ਆਰੀ ਨੇ ਭਾਜਪਾ ਤੇ ਸ਼ਿਵ ਸੈਨਾ ਮਗਰੋਂ ਹੁਣ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੂੰ 24 ਘੰਟਿਆਂ ਅੰਦਰ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਸੱਦਾ ਦਿੱਤਾ ਹੈ। ਐੱਨਸੀਪੀ ਦੇ ਕੌਮੀ ਬੁਲਾਰੇ ਨਵਾਬ ਮਲਿਕ ਨੇ ਕਿਹਾ, ‘ਰਾਜਪਾਲ ਨੇ ਸਾਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਭੇਜਿਆ ਹੈ। ਅਸੀਂ ਭਲਕੇ ਕਾਂਗਰਸ ਨਾਲ ਮੀਟਿੰਗ ਕਰਕੇ ਨਵੀਂ ਸਰਕਾਰ ਦੇ ਗਠਨ ਦੇ ਢੰਗ ਤੇ ਤੌਰ-ਤਰੀਕਿਆਂ ਬਾਰੇ ਚਰਚਾ ਕਰਾਂਗੇ।’ ਇਸ ਤੋਂ ਪਹਿਲਾਂ ਐੱਨਸੀਪੀ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਮੀਡੀਆ ਨੂੰ ਦੱਸਿਆ ਸੀ ਕਿ ਰਾਜਪਾਲ ਨੇ ਰਾਤ ਸਾਢੇ ਅੱਠ ਵਜੇ ਦੇ ਕਰੀਬ ਉਨ੍ਹਾਂ ਨੂੰ ਸੱਦਾ ਭੇਜਿਆ ਹੈ ਤੇ ਉਹ ਅੱਧੀ ਦਰਜਨ ਦੇ ਕਰੀਬ ਹੋਰਨਾਂ ਆਗੂਆਂ ਨਾਲ ਰਾਜ ਭਵਨ ਜਾ ਰਹੇ ਹਨ। ਰਾਜਪਾਲ ਨੇ ਸੂਬਾਈ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਭਾਜਪਾ ਵੱਲੋਂ ਸਰਕਾਰ ਬਣਾਉਣ ਤੋਂ ਹੱਥ ਪਿਛਾਂਹ ਖਿੱਚਣ ਮਗਰੋਂ ਲੰਘੇ ਦਿਨ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ ਅੱਜ ਸ਼ਾਮ ਸਾਢੇ ਸੱਤ ਵਜੇ ਤਕ ਹਮਾਇਤ ਸਬੰਧੀ ਦਾਅਵਾ ਪੇਸ਼ ਕਰਨ ਲਈ ਕਿਹਾ ਸੀ। ਉਧਰ, ਰਾਜ ਭਵਨ ਨੇ ਦੇਰ ਸ਼ਾਮ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਸੈਨਾ ‘ਹਮਾਇਤ ਸਬੰਧੀ ਲੋੜੀਂਦਾ ਪੱਤਰ’ ਪੇਸ਼ ਕਰਨ ਵਿੱਚ ਨਾਕਾਮ ਰਹੀ ਹੈ। ਬਿਆਨ ਮੁਤਾਬਕ ਸੈਨਾ ਨੇ ‘ਹਮਾਇਤ ਪੱਤਰ’ ਦਾਖਲ ਕਰਨ ਲਈ ਤਿੰਨ ਦਿਨ ਮੰਗੇ ਸਨ ਪਰ ਰਾਜਪਾਲ ਨੇ ਅਜਿਹੀ ਕੋਈ ਅਪੀਲ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ। ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 145 ਵਿਧਾਇਕਾਂ ਦੀ ਲੋੜ ਹੈ। 288 ਮੈਂਬਰੀ ਮਹਾਰਾਸ਼ਟਰ ਵਿੱਚ ਭਾਜਪਾ ਕੋਲ 105, ਸ਼ਿਵ ਸੈਨਾ 56, ਐੱਨਸੀਪੀ 54, ਕਾਂਗਰਸ 44 ਤੇ 29 ਆਜ਼ਾਦ ਵਿਧਾਇਕ ਹਨ।
ਸ਼ਿਵ ਸੈਨਾ ਦੇ ਆਗੂ ਆਦਿੱਤਿਆ ਠਾਕਰੇ ਨੇ ਰਾਜਪਾਲ ਨਾਲ ਮੁਲਾਕਾਤ ਮਗਰੋਂ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਸਰਕਾਰ ਦੀ ਕਾਇਮੀ ਲਈ ਪੇਸ਼ ਦਾਅਵਾ ਅਜੇ ਵੀ ਜਿਉਂ ਦਾ ਤਿਉਂ ਬਰਕਰਾਰ ਹੈ। ਆਦਿੱਤਿਆ ਨੇ ਕਾਂਗਰਸ ਤੇ ਐੱਨਸੀਪੀ ਦਾ ਨਾਂ ਲਏ ਬਿਨਾਂ ਕਿਹਾ ਕਿ ਦੋ ਪਾਰਟੀਆਂ ‘ਸਿਧਾਂਤਕ ਤੌਰ ’ਤੇ’ ਸੈਨਾ ਦੀ ਅਗਵਾਈ ਵਾਲੀ ਸਰਕਾਰ ਨੂੰ ਹਮਾਇਤ ਦੇਣ ਲਈ ਸਹਿਮਤ ਹਨ। ਆਦਿੱਤਿਆ ਨੇ ਹਾਲਾਂਕਿ ਦਾਅਵਾ ਕੀਤਾ ਕਿ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਲੋੜੀਂਦੀ ਗਿਣਤੀ (ਸਰਕਾਰ ਬਣਾਉਣ ਲਈ) ਸਾਬਤ ਕਰਨ ਲਈ ਵਾਧੂ ਸਮਾਂ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸੈਨਾ ਆਗੂ ਨੇ ਕਿਹਾ, ‘ਸਾਡੀ ਦੋ ਪਾਰਟੀਆਂ ਨਾਲ ਗੱਲਬਾਤ ਜਾਰੀ ਹੈ। ਦੋਵਾਂ ਪਾਰਟੀਆਂ ਨੇ ਸੈਨਾ ਨੂੰ ਸਿਧਾਂਤਕ ਹਮਾਇਤ ਦੇਣ ਦੀ ਇੱਛਾ ਜ਼ਾਹਿਰ ਕੀਤੀ ਹੈ।’ ਉਨ੍ਹਾਂ ਕਿਹਾ, ‘ਅਸੀਂ ਮਹਾਰਾਸ਼ਟਰ ਦੇ ਰਾਜਪਾਲ ਨੂੰ ਸਰਕਾਰ ਦੇ ਗਠਨ ਸਬੰਧੀ ਆਪਣੀ ਇੱਛਾ ਤੋਂ ਜਾਣੂ ਕਰਵਾ ਦਿੱਤਾ ਹੈ।
ਦੋ ਪਾਰਟੀਆਂ (ਕਾਂਗਰਸ ਤੇ ਐੱਨਸੀਪੀ) ਨੂੰ ਹਮਾਇਤ ਸਬੰਧੀ ਲੋੜੀਂਦੀ ਕਾਰਵਾਈ ਪੂਰੀ ਕਰਨ ਲਈ ਕੁਝ ਹੋਰ ਦਿਨਾਂ ਦੀ ਦਰਕਾਰ ਹੈ। ਲਿਹਾਜ਼ਾ ਅਸੀਂ ਰਾਜਪਾਲ ਤੋਂ ਵਾਧੂ ਸਮਾਂ ਮੰਗਿਆ ਸੀ, ਪਰ ਉਨ੍ਹਾਂ ਦੇਣ ਤੋਂ ਇਨਕਾਰ ਕਰ ਦਿੱਤਾ।’ ਕਾਬਿਲੇਗੌਰ ਹੈ ਕਿ ਸ਼ਿਵ ਸੈਨਾ ਨੇ ਪਾਰਟੀ ਦੇ ਰਸਾਲੇ ‘ਸਾਮਨਾ’ ਦੇ ਸ਼ਾਮ ਸਮੇਂ ਕੱਢੇ ਆਨਲਾਈਨ ਐਡੀਸ਼ਨ ਵਿੱਚ ਕਾਂਗਰਸ ਅਤੇ ਐੱਨਸੀਪੀ ਵੱਲੋਂ ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਅਗਵਾਈ ਵਿੱਚ ਸਰਕਾਰ ਦੇ ਗਠਨ ਲਈ ਹਮਾਇਤ ਪੱਤਰ ਸੌਂਪੇ ਜਾਣ ਦਾ ਦਾਅਵਾ ਕੀਤਾ ਸੀ।