ਸ਼ਿਵਸੈਨਾ ’ਤੇ ਕੰਗਨਾ ਦਾ ਗੰਭੀਰ ਦੋਸ਼, ਸੰਜੇ ਰਾਓਤ ਨੇ ਦਿੱਤੀ ਮੁੰਬਈ ਨਾ ਆਉਣ ਦੀ ਧਮਕੀ
ਜਲੰਧਰ – ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਅਦਾਕਾਰਾ ਕੰਗਨਾ ਰਣੌਤ ਫਿਲਮ ਇੰਡਸਟਰੀ ਦੇ ਅੰਦਰ ਦੇ ਕਾਲੇ ਸੱਚ ’ਤੇ ਬੇਬਾਕੀ ਨਾਲ ਆਪਣੀ ਗੱਲ ਰੱਖ ਰਹੀ ਹੈ। ਉਥੇ ਕੰਗਨਾ ਰਣੌਤ ਨੇ ਟਵਿਟਰ ’ਤੇ ਸ਼ਿਵਸੈਨਾ ’ਤੇ ਗੰਭੀਰ ਦੋਸ਼ ਲਗਾਏ ਹਨ। ਕੰਗਨਾ ਨੇ ਦੱਸਿਆ ਕਿ ਸ਼ਿਵਸੈਨਾ ਨੇ ਉਸ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਹੈ। ਸੰਜੇ ਰਾਓਤ ਨੇ ਕੰਗਨਾ ਨੂੰ ਕਿਹਾ ਕਿ ਉਹ ਹੁਣ ਮੁੰਬਈ ਆਉਣ ਤੋਂ ਪ੍ਰਹੇਜ਼ ਕਰੇ।
ਸੰਜੇ ਰਾਓਤ ਨੇ ਕੰਗਨਾ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਕਿਹਾ ਕਿ ਉਹ ਮੁੰਬਈ ’ਚ ਰਹਿੰਦੀ ਹੈ, ਫਿਰ ਵੀ ਇਥੋਂ ਦੀ ਪੁਲਸ ਦੀ ਨਿੰਦਿਆ ਕਰ ਰਹੀ ਹੈ। ਉਸ ਦਾ ਅਜਿਹਾ ਕਹਿਣਾ ‘ਸ਼ਰਮਨਾਕ’ ਹੈ।
ਰਾਓਤ ਨੇ ਲਿਖਿਆ ਕਿ ਅਸੀਂ ਕੰਗਨਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਮੁੰਬਈ ਨਾ ਆਵੇ। ਇਹ ਮੁੰਬਈ ਪੁਲਸ ਦਾ ਅਪਮਾਨ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਗ੍ਰਹਿ ਮੰਤਰਾਲੇ ਨੂੰ ਇਸ ’ਤੇ ਕਾਰਵਾਈ ਕਰਨੀ ਚਾਹੀਦੀ ਹੈ।
ਕੰਗਨਾ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਉਹ ਐੱਨ. ਸੀ. ਬੀ. ਦੀ ਮਦਦ ਕਰਨ ਲਈ ਤਿਆਰ ਹੈ ਪਰ ਇਸ ਲਈ ਉਹ ਕੇਂਦਰ ਸਰਕਾਰ ਕੋਲੋਂ ਸੁਰੱਖਿਆ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਨਾ ਸਿਰਫ ਆਪਣੇ ਕਰੀਅਰ, ਸਗੋਂ ਆਪਣੀ ਜ਼ਿੰਦਗੀ ਨੂੰ ਵੀ ਖਤਰੇ ’ਚ ਪਾ ਰਹੀ ਹੈ। ਕੰਗਨਾ ਨੇ ਕਿਹਾ ਕਿ ਸੁਸ਼ਾਂਤ ਨੂੰ ਕੁਝ ਡਰਟੀ ਸਿਕਰੇਟ ਪਤਾ ਸਨ, ਇਸ ਲਈ ਉਸ ਨੂੰ ਮਾਰਿਆ ਗਿਆ ਹੈ। ਕੰਗਨਾ ਨੇ ਕਿਹਾ ਸੀ ਕਿ ਬਾਲੀਵੁੱਡ ’ਚ ਡਰੱਗਸ ਦਾ ਬਹੁਤ ਇਸਤੇਮਾਲ ਹੁੰਦਾ ਹੈ ਤੇ ਜੇਕਰ ਜਾਂਚ ਕੀਤੀ ਗਈ ਤਾਂ ਬਹੁਤ ਸਾਰੇ ਵੱਡੇ ਸਿਤਾਰਿਆਂ ਦੇ ਨਾਂ ਸਾਹਮਣੇ ਆਉਣਗੇ। ਇਕ ਹੋਰ ਟਵੀਟ ’ਚ ਕੰਗਨਾ ਨੇ ਕਿਹਾ ਸੀ ਕਿ ਫਿਲਮ ਇੰਡਸਟਰੀ ਦਾ ਸਭ ਤੋਂ ਮਸ਼ਹੂਰ ਡਰੱਗ ਕੋਕੇਨ ਹੈ, ਉਹ ਲਗਭਗ ਹਰ ਹਾਊਸ ਪਾਰਟੀ ’ਚ ਇਸਤੇਮਾਲ ਹੁੰਦਾ ਹੈ ਤੇ ਕਾਫੀ ਮਹਿੰਗਾ ਹੁੰਦਾ ਹੈ।