ਸ਼ੇਖ ਫ਼ਰੀਦ ਦੇ ਚਰਨ ਪੈਣ ’ਤੇ ਮੋਕਲਹਰ ਬਣਿਆ ਫ਼ਰੀਦਕੋਟ

ਸ਼ੇਖ ਫ਼ਰੀਦ ਦੇ ਚਰਨ ਪੈਣ ’ਤੇ ਮੋਕਲਹਰ ਬਣਿਆ ਫ਼ਰੀਦਕੋਟ

ਸ਼ੇਖ ਫ਼ਰੀਦ ਦਾ ਜਨਮ 12 ਸ਼ਤਾਬਦੀ ਵਿਚ ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ।
ਜਦ ਉਹ 18 ਕੁ ਮਹੀਨੇ ਦੀ ਉਮਰ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਗੁਜ਼ਰ ਗਏ। ਉਨ੍ਹਾਂ ਦੀ ਮਾਤਾ ਨੇ ਹੀ ਉਨ੍ਹਾਂ ਨੂੰ ਧਾਰਮਿਕ ਵਿੱਦਿਆ ਦਿੱਤੀ। ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਇਨ੍ਹਾਂ ਨੇ ਕੁਰਆਨ ਮਜੀਦ ਮੌਲਾਨਾ ਅਬੂ ਹਾਫ਼ਜ ਕੋਲੋਂ ਪੜ੍ਹਿਆ। ਫਿਰ ਬਗਦਾਦ ਚਲੇ ਗਏ, ਜਿੱਥੇ ਉਨ੍ਹਾਂ ਨੇ ਅਬਦੁਲ ਕਾਦਰ ਗਿਲਾਨੀ, ਖਵਾਜਾ ਮੋਈਨਉਦੀਨ ਚਿਸ਼ਤੀ, ਤੇਠ, ਸ਼ੇਖ਼ ਕਿਰਸਾਨੀ ਆਦਿ ਤੋਂ ਸਿੱਖਿਆ ਪ੍ਰਾਪਤ ਕੀਤੀ।
ਬਾਬਾ ਫ਼ਰੀਦ ਸੂਫ਼ੀਆਂ ਦੇ ਚਿਸ਼ਤੀ ਦੇ ਸਿਲਸਿਲੇ ਦੇ ਪ੍ਰਸਿੱਧ ਆਗੂ ਹੋਏ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਫ਼ਕੀਰੀ ਗੋਦੜੀ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ। ਬਾਬਾ ਫ਼ਰੀਦ ਜੀ ਦੀ ਰਚਨਾ ਭਾਵੇਂ ਬਹੁਤੀ ਨਹੀਂ, ਪਰ ਕਾਵਿ ਗੁਣਾਂ ਕਰਕੇ ਇਸ ਨੂੰ ਉੱਤਮ ਸਦੀਵੀ ਯੋਗਦਾਨ ਕਿਹਾ ਜਾ ਸਕਦਾ ਹੈ। ਬਾਬਾ ਫ਼ਰੀਦ ਨੂੰ ਪੰਜਾਬੀ ਦਾ ਪਹਿਲਾ ਕਵੀ ਜਾ ਸ਼ਾਇਰ ਮੰਨਿਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਕੇ ਅਹਿਮ ਸਥਾਨ ਦਿੱਤਾ। ਉਨ੍ਹਾਂ ਦੇ ਕੁੱਲ ਚਾਰ ਸ਼ਬਦ (ਦੋ ਆਸਾ ਰਾਗ ਵਿਚ ਤੇ ਦੋ ਸੂਹੀ ਰਾਗ ਵਿੱਚ) ਅਤੇ 112 ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਰਚਨਾਵਾਂ ਵੀ ਹਨ।
ਦੱਸਿਆ ਜਾਂਦਾ ਹੈ ਕਿ ਉਸ ਵੇਲੇ ਦੀ ਮੋਕਲਹਰ (ਫਰੀਦਕੋਟ) ਰਿਆਸਤ ਦੇ ਅਹਿਲਕਾਰ, ਆਲੇ ਦੁਆਲੇ ਦੇ ਇਲਾਕੇ ਵਿਚੋਂ ਲੋਕਾਂ ਨੂੰ ਫ਼ੜ ਕੇ ਉਸਰ ਰਹੇ ਕਿਲ੍ਹੇ ਨੂੰ ਪੂਰਾ ਕਰਨ ਲਈ ਜਬਰੀ ਵਗਾਰ ਲੈਂਦੇ ਸਨ, ਰਾਜੇ ਦੇ ਅਹਿਲਕਾਰ ਇੱਕ ਦਿਨ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਨੂੰ ਧੂਹ ਲਿਆਏ। ਉਸ ਵੇਲੇ ਸ਼ਹਿਰ ਦੇ ਬਾਹਰ ਵਾਲੇ ਪਾਸੇ ਤਪੱਸਿਆ ਕਰ ਰਹੇ ਸਨ। ਇਹ ਅਸਥਾਨ ਅੱਜ-ਕੱਲ੍ਹ ਗੋਦੜੀ ਬਾਬਾ ਫ਼ਰੀਦ ਜੀ ਦੇ ਨਾਂ ਨਾਲ ਜਾਣੀ ਜਾਂਦੀ ਹੈ।
ਬਾਬਾ ਫ਼ਰੀਦ ਜੀ ਨੂੰ ਵੀ ਗਾਰਾ ਮਿੱਟੀ ਢੋਣ ’ਤੇ ਲਾ ਦਿੱਤਾ। ਰਾਜੇ ਨੂੰ ਕਿਸੇ ਨੇ ਜਾ ਦੱਸਿਆ ਕੇ ਕੰਮ ’ਤੇ ਲੱਗੇ ਲੋਕਾਂ ਵਿਚ ਇੱਕ ਅਜਿਹਾ ਦਰਵੇਸ਼ ਸੰਤ ਵੀ ਹੈ, ਜੋ ਰੂਹਾਨੀ ਸ਼ਕਤੀਆਂ ਦਾ ਮਾਲਕ ਹੈ। ਪੀੜ੍ਹੀਆਂ ਤੋਂ ਇੱਕ ਦੰਦ-ਕਥਾ ਤੁਰੀ ਆ ਰਹੀ ਹੈ ਕਿ ਰਾਜੇ ਨੇ ਬਾਬਾ ਫਰੀਦ ਤੋਂ ਮੁਆਫੀ ਮੰਗੀ ਤੇ ਇਸ ਸ਼ਹਿਰ ਦਾ ਨਾਂ ਬਦਲ ਕੇ ਫ਼ਰੀਦ ਤੇ ਕੋਟ (ਕਿਲ੍ਹਾ) ਨੂੰ ਜੋੜ ਕੇ ਫਰੀਦਕੋਟ ਰੱਖ ਦਿੱਤਾ। ਰਾਜੇ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਫ਼ਰੀਦ ਜੀ ਨੇ ਗਾਰੇ ਨਾਲ ਲਿੱਬੜੇ ਹੋਏ ਆਪਣੇ ਹੱਥ ਜਿਸ ਦਰੱਖਤ ਨਾਲ ਪੂੰਜੇ, ਉਸ ਦਰੱਖਤ ਨੂੰ ਰਾਜੇ ਨੇ ਕਟਵਾ ਕੇ ਸੰਭਾਲ ਲਿਆ, ਉਹ ਅੱਜ ਵੀ ਟਿੱਲਾ ਬਾਬਾ ਫ਼ਰੀਦ ਵਿਚ ਸੁਸ਼ੋਭਿਤ ਹੈ।
ਸ਼ਹਿਰ ਵਿਚ ਟਿੱਲਾ ਬਾਬਾ ਫ਼ਰੀਦ ਫਰੀਦਕੋਟ ਕਿਲ੍ਹਾ ਮੁਬਾਰਕ ਦੇ ਨੇੜੇ ਸੂਫ਼ੀ ਸੰਤ ਫਰੀਦ ਨਾਲ ਸਬੰਧਤ ਅਸਥਾਨ ਹੈ। ਇੱਥੇ ਹਰ ਵੀਰਵਾਰ ਨੂੰ ਦਰਗਾਹ ’ਤੇ ਮੇਲਾ ਲੱਗਦਾ ਹੈ। ਇਹ ਰਵਾਇਤ ਸਦੀਆਂ ਤੋਂ ਤੁਰੀ ਆ ਰਹੀ ਹੈ। ਹੁਣ ਪਿਛਲੇ ਦਹਾਕਿਆਂ ਤੋਂ ਹਰ ਸਾਲ 19 ਤੋਂ 23 ਸਤੰਬਰ ਤੱਕ ਭਾਰੀ ਮੇਲਾ ਵੀ ਲੱਗਦਾ ਹੈ।

Radio Mirchi