ਸ਼੍ਰਮਿਕ ਰੇਲਾਂ ਨੇ 80 ਹਜ਼ਾਰ ਤੋਂ ਵੱਧ ਪਰਵਾਸੀਆਂ ਨੂੰ ਘਰ ਪਹੁੰਚਾਇਆ
ਰੇਲਵੇ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਮਈ ਤੋਂ ਸ਼ੁਰੂ ਕੀਤੀਆਂ ਗਈਆਂ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਦੇ 83 ਗੇੜਿਆਂ ਰਾਹੀਂ ਹੁਣ ਤੱਕ ਵੱਖ ਵੱਖ ਰਾਜਾਂ ’ਚ ਫਸੇ ਹੋਏ 80 ਹਜ਼ਾਰ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ’ਚ ਪਹੁੰਚਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਸ਼ਾਮ ਤੱਕ ਕੌਮੀ ਟਰਾਂਸਪੋਰਟਰ ਰੇਲਵੇ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਹੋਏ ਪਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਤੱਕ ਪਹੁੰਚਾਉਣ ਲਈ 76 ਰੇਲਾਂ ਚਲਾਈਆਂ ਗਈਆਂ ਸਨ। ਹਰੇਕ ਰੇਲ ਵਿੱਚ 24 ਡੱਬੇ ਹਨ ਅਤੇ ਹਰੇਕ ਡੱਬੇ ’ਚ 72 ਸੀਟਾਂ ਹੁੰਦੀਆਂ ਹਨ ਪਰ ਰੇਲਵੇ ਵੱਲੋਂ ਸਮਾਜਿਕ ਦੂਰੀ ਸਬੰਧੀ ਨਿਯਮ ਦੀ ਪਾਲਣਾ ਕਰਨ ਲਈ ਇਕ ਡੱਬੇ ’ਚ ਸਿਰਫ਼ 54 ਵਿਅਕਤੀਆਂ ਨੂੰ ਬੈਠਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉੱਧਰ, ਮੁੱਖ ਕਿਰਤ ਕਮਿਸ਼ਨਰ ਦਫ਼ਤਰ ਜਿਸ ਨੇ ਪਿਛਲੇ ਮਹੀਨੇ ਦੇਸ਼ ਵਿੱਚ ਵੱਖ-ਵੱਖ ਰਾਜਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਕਰਨ ਦੇ ਹੁਕਮ ਜਾਰੀ ਕੀਤੇ ਸਨ, ਕੋਲ ਅਜੇ ਤੱਕ ਵੀ ਇਸ ਸਬੰਧੀ ਕੋਈ ਅੰਕੜਾ ਨਹੀਂ ਹੈ। ਇਹ ਜਾਣਕਾਰੀ ਕੇਂਦਰੀ ਕਿਰਤ ਮੰਤਰਾਲੇ ਨੇ ਇਕ ਆਰਟੀਆਈ ਕਾਰਕੁਨ ਨੂੰ ਦਿੱਤੀ ਹੈ।
ਕਾਮਨਵੈਲਥ ਮਨੁੱਖੀ ਅਧਿਕਾਰ ਸੰਸਥਾ ਦੇ ਵੈਂਕਟੇਸ਼ ਨਾਇਕ ਨੇ ਕਿਹਾ ਕਿ 8 ਅਪਰੈਲ ਨੂੰ ਮੁੱਖ ਕਿਰਤ ਕਮਿਸ਼ਨਰ ਵੱਲੋਂ ਆਪਣੇ ਖੇਤਰੀ ਦਫ਼ਤਰਾਂ ਨੂੰ ਵੱਖ-ਵੱਖ ਰਾਜਾਂ ’ਚ ਫਸੇ ਮਜ਼ਦੂਰਾਂ ਦੀ ਗਿਣਤੀ ਤਿੰਨ ਦਿਨਾਂ ਦੇ ਅੰਦਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਅੱਜ ਤੱਕ ਵੀ ਇਸ ਸਬੰਧੀ ਕੋਈ ਅੰਕੜਾ ਕਿਰਤ ਮੰਤਰਾਲੇ ਕੋਲ ਉਪਲੱਬਧ ਨਹੀਂ ਹੈ। ਇਸੇ ਦੌਰਾਨ ਗੁਜਰਾਤ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਕਰੀਬ 3.75 ਲੱਖ ਪਰਵਾਸੀ ਕਾਮੇ ਗੁਜਰਾਤ ਤੋਂ ਆਪੋ-ਆਪਣੇ ਪਿੱਤਰੀ ਰਾਜਾਂ ਲਈ ਰਵਾਨਾ ਹੋ ਚੁੱਕੇ ਹਨ।