ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਵਿਖਾਵੇ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ, ਬਿਜਲੀ ਬਿੱਲਾਂ ਵਿਚ ਵਾਧੇ, ਨੀਲੇ ਕਾਰਡ ਕੱਟੇ ਜਾਣ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਵੱਖ ਵਖ ਵਿਧਾਨ ਸਭਾ ਹਲਕਿਆਂ ਵਿਚ ਰੋਸ ਧਰਨੇ ਦੇ ਕੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਹਲਕਾ ਦੱਖਣੀ ਵਿਚ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਸੁਲਤਾਨਵਿੰਡ ਰੋਡ ਵਿਖੇ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਦਰਸਾਉਣ ਲਈ ਸਕੂਟਰ ਨੂੰ ਇਕ ਘੋੜਾ ਰੇਹੜੇ ’ਤੇ ਰੱਖਿਆ ਹੋਇਆ ਸੀ। ਇਸ ਮੌਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਇਸ ਸਬੰਧੀ ਤਖਤੀਆਂ ਅਤੇ ਬੈਨਰ ਚੁੱਕੇ ਹੋਏ ਸਨ। ਇਸੇ ਤਰ੍ਹਾਂ ਬਿਜਲੀ ਦੀਆਂ ਦਰਾਂ ਵਿਚ ਵਾਧੇ ਦੇ ਵਿਰੋਧ ’ਚ ਪ੍ਰਦਰਸ਼ਨ ਕੀਤੇ ਗਏ। ਆਗੂਆਂ ਨੇ ਦੋਸ਼ ਲਾਇਆ ਕਿ ਕਰੋਨਾ ਸੰਕਟ ਦੇ ਚਲਦਿਆਂ ਨੀਲੇ ਕਾਰਡ ਧਾਰਕਾਂ ਦੇ ਨਾਂ ਕੱਟ ਦਿੱਤੇ ਗਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਰਾਮ ਸਿੰਘ, ਅਜੈਬੀਰ ਪਾਲ ਸਿੰਘ ਰੰਧਾਵਾ, ਅਮਰੀਕ ਸਿੰਘ, ਹਰਪ੍ਰੀਤ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿਚ ਕਾਰਕੁਨ ਹਾਜ਼ਰ ਸਨ। ਇਸੇ ਤਰ੍ਹਾਂ ਉਤਰੀ ਹਲਕੇ ਵਿਚ ਕੀਤੇ ਗਏ ਰੋਸ ਵਿਖਾਵੇ ਦੌਰਾਨ ਜ਼ਿਲਾ ਅਕਾਲੀ ਜਥੇ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਸੰਬੋਧਨ ਕੀਤਾ।