ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਮੁੱਖ ਟੀਚਾ: ਢੀਂਡਸਾ

ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਮੁੱਖ ਟੀਚਾ: ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਹਿਲਾ ਨਿਸ਼ਾਨਾ ਬਾਦਲਾਂ ਦੇ ਕਬਜ਼ੇ ਵਿਚੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣਾ ਹੈ। ਇਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਹਿਲਾਂ ਵਾਲੀ ਮਾਣ ਮਰਿਆਦਾ ਬਹਾਲ ਕਰਵਾਈ ਜਾ ਸਕਦੀ ਹੈ। ਕਾਂਗਰਸ ਅਤੇ ਬਾਦਲਾਂ ’ਤੇ ਰਲਗੱਡ ਹੋਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤੇ ਬਾਦਲਾਂ ਨੂੰ ਛੱਡ ਕੇ ਕਿਸੇ ਵੀ ਹਮਖ਼ਿਆਲੀ ਧਿਰ ਨਾਲ ਚੋਣ ਗੱਠਜੋੜ ਕੀਤਾ ਜਾ ਸਕਦਾ ਹੈ। ਸ੍ਰੀ ਢੀਂਡਸਾ ਅੱਜ ਇੱਥੇ ਸਾਬਕਾ ਰਾਜ ਸਭਾ ਮੈਂਬਰ ਅਮਰਜੀਤ ਕੌਰ ਦੇ ਪਤੀ ਕੰਵਰ ਦੇਵ ਇੰਦਰ ਸਿੰਘ ਦੇ ਬਰਸੀ ਸਮਾਗਮ ਮੌਕੇ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੇ ਹੋਏ ਸਨ। ਕੰਵਰ ਦੇਵ ਇੰਦਰ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਦੇ ਸਪੁੱਤਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਚਾ ਸਨ।
ਇਸ ਮੌਕੇ ਮੀਡੀਆ ਨਾਲ਼ ਹੋਈ ਗੱਲਬਾਤ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਲਾਏ। ਉਨ੍ਹਾਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਹੋਏ ਸਮਾਗਮਾਂ ਦੌਰਾਨ ਲਾਏ ਟੈਂਟ ਵਿਚ ਹੀ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ 1920 ਇਕੱਠੇ ਹਨ ਤੇ ਸਾਬਕਾ ਵਿਧਾਇਕ ਐੱਚ.ਐੱਸ. ਫੂਲਕਾ ਵੀ ਉਨ੍ਹਾਂ ਦੇ ਨਾਲ਼ ਹਨ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਲੜਨਗੇ ਤੇ ਕੈਪਟਨ-ਸੁਖਬੀਰ ‘ਗੱਠਜੋੜ’ ਨੂੰ ਮਾਤ ਦੇਣ ਲਈ ਹਮਖਿਆਲੀ ਧਿਰਾਂ ਨੂੰ ਅਪੀਲ ਕਰਨਗੇ। ਢੀਂਡਸਾ ਨੇ ਭਾਵੇਂ ਭਾਜਪਾ ਅਤੇ ‘ਆਪ’ ਨਾਲ਼ ਚੋਣ ਸਮਝੌਤਾ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਪਰ ਉਨ੍ਹਾਂ ਕਿਹਾ ਕਿ ਅਜੇ ਇਨ੍ਹਾਂ ਵਿਚੋਂ ਉਨ੍ਹਾਂ ਦੀ ਕਿਸੇ ਨਾਲ਼ ਕੋਈ ਗੱਲਬਾਤ ਨਹੀਂ ਹੋਈ।
ਅਮਰਗੜ੍ਹ (ਰਜਿੰਦਰ ਜੈਦਕਾ): ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੰਮ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਧਾਰਮਿਕ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਥਾਂ ਅਕਾਲੀ ਦਲ ਬਾਦਲ ਦਾ ਗੁਣਗਾਣ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਵਿਚੋਂ ਛੁਡਵਾਉਣਾ ਚਾਹੁੰਦੇ ਹਨ।

Radio Mirchi