ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਮੈਂਬਰੀ ਵਫ਼ਦ ਪਾਕਿ ਭੇਜਣ ਦਾ ਐਲਾਨ
ਪਾਕਿਸਤਾਨ ਵਿਚ ਨਨਕਾਣਾ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਉਥੇ ਹਾਲਾਤ ਕਾਬੂ ਹੇਠ ਹਨ ਪਰ ਸਿੱਖਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਲਹਿੰਦੇ ਪੰਜਾਬ ਦੇ ਗਵਰਨਰ, ਔਕਾਫ ਬੋਰਡ ਅਤੇ ਪਾਕਿਸਤਾਨੀ ਸਫਾਰਤਖਾਨੇ ਨੂੰ ਪੱਤਰ ਭੇਜ ਕੇ ਉਥੇ ਸਿੱਖ ਵਫ਼ਦ ਭੇਜਣ ਦੀ ਆਗਿਆ ਮੰਗੀ ਹੈ। ਵਫ਼ਦ ਵਿਚ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਕੋਆਰਡੀਨੇਟਰ ਵਜੋਂ ਮੀਤ ਮੈਨੇਜਰ ਰਾਜਿੰਦਰ ਸਿੰਘ ਰੂਬੀ ਦੇ ਨਾਂ ਸ਼ਾਮਲ ਕੀਤੇ ਗਏ ਹਨ। ਵੀਜ਼ਾ ਮਿਲਣ ਮਗਰੋਂ ਵਫ਼ਦ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਕੂਟਨੀਤਕ ਰਣਨੀਤੀ ਰਾਹੀਂ ਪਾਕਿਸਤਾਨ ਸਰਕਾਰ ’ਤੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਲਈ ਦਬਾਅ ਪਾਇਆ ਜਾਵੇ।
ਸ਼ੁੱਕਰਵਾਰ ਸ਼ਾਮ ਨਨਕਾਣਾ ਸਾਹਿਬ ਗੁਰਦੁਆਰੇ ਦੇ ਬਾਹਰ ਉਥੋਂ ਦੇ ਕੁਝ ਮੁਸਲਮਾਨਾਂ ਵੱਲੋਂ ਰੋਸ ਧਰਨੇ ਦੌਰਾਨ ਗੁਰਦੁਆਰੇ ਦੇ ਅੰਦਰ ਪੱਥਰ ਵੀ ਸੁੱਟੇ ਗਏ ਸਨ ਅਤੇ ਸਿੱਖਾਂ ਖਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਸੀ। ਇਹ ਧਰਨਾ ਦੇਰ ਰਾਤ ਪੁਲੀਸ ਦੀ ਦਖ਼ਲਅੰਦਾਜ਼ੀ ਮਗਰੋਂ ਖ਼ਤਮ ਹੋ ਗਿਆ ਸੀ। ਨਨਕਾਣਾ ਸਾਹਿਬ ਦੇ ਵਸਨੀਕ ਅਤੇ ਪੀਜੀਪੀਸੀ ਦੇ ਸਾਬਕਾ ਆਗੂ ਮਸਤਾਨ ਸਿੰਘ ਨੇ ਦੱਸਿਆ ਕਿ ਅੱਜ ਸਥਿਤੀ ਸ਼ਾਂਤ ਰਹੀ ਅਤੇ ਕੋਈ ਵੀ ਗੜਬੜ ਨਹੀਂ ਹੋਈ ਪਰ ਉਥੇ ਵਸਦੇ ਸਿੱਖਾਂ ਵਿਚ ਫਿਲਹਾਲ ਡਰ ਤੇ ਸਹਿਮ ਦੀ ਭਾਵਨਾ ਬਰਕਰਾਰ ਹੈ। ਅੱਜ ਸਾਰਾ ਦਿਨ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚਲਦਾ ਰਿਹਾ। ਉਂਜ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਨਿੱਤ ਵਾਂਗ ਮਰਿਆਦਾ ਤਹਿਤ ਸਾਰੇ ਧਾਰਮਿਕ ਕਾਰਜ ਮੁਕੰਮਲ ਹੋਏ।
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ ਆਦਿ ਨੇ ਅੱਜ ਪਾਕਿਸਤਾਨ ’ਚ ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ, ਮੈਂਬਰ ਪਾਰਲੀਮੈਂਟ ਮਹਿੰਦਰਪਾਲ ਸਿੰਘ, ਲਹਿੰਦੇ ਪੰਜਾਬ ਦੇ ਗਵਰਨਰ ਅਤੇ ਔਕਾਫ ਬੋਰਡ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ। ਉਨ੍ਹਾਂ ਗਵਰਨਰ ਨੂੰ ਅਪੀਲ ਕੀਤੀ ਕਿ ਮੌਜੂਦਾ ਸਥਿਤੀ ਨੂੰ ਦੇਖਣ ਅਤੇ ਸਿੱਖਾਂ ਨੂੰ ਮਿਲਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਨਨਕਾਣਾ ਸਾਹਿਬ ਆਉਣ ਦੀ ਆਗਿਆ ਦਿੱਤੀ ਜਾਵੇ। ਇਸ ਸਬੰਧੀ ਪਾਕਿਸਤਾਨੀ ਸਫਾਰਤਖਾਨੇ ਨੂੰ ਵੀ ਪੱਤਰ ਭੇਜਿਆ ਗਿਆ ਹੈ।
ਸਿੱਖ ਆਗੂਆਂ ਨੇ ਗਵਰਨਰ ਤੇ ਹੋਰ ਆਗੂਆਂ ਨਾਲ ਰੰਜ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਨੇ ਸਮਾਜਿਕ ਮਾਮਲੇ ਨੂੰ ਧਾਰਮਿਕ ਰੰਗਤ ਦੇ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਹੈ।
ਉਨ੍ਹਾਂ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਅਤੇ ਗੁਰਦੁਆਰਿਆਂ ਸਮੇਤ ਉਥੇ ਵਸਦੇ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣ ਵਾਸਤੇ ਆਖਿਆ। ਉਨ੍ਹਾਂ ਦੱਸਿਆ ਕਿ ਸਿੱਖ ਆਗੂ ਮਹਿੰਦਰਪਾਲ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਨਨਕਾਣਾ ਸਾਹਿਬ ਪੁਲੀਸ ਨੇ ਇਸ ਮਾਮਲੇ ਵਿਚ ਭੰਨ-ਤੋੜ ਕਰਨ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ 42 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਖਿਲਾਫ਼ ਜਲਦੀ ਕੇਸ ਦਰਜ ਕਰਕੇ ਕਾਰਵਾਈ ਹੋਵੇਗੀ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿਚ ਪੀਪੀਸੀ ਦੀ ਧਾਰਾ 295 ਸੀ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਆਗੂਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰੇ ਵਿਚ ਪਥਰਾਅ ਦੇ ਨਾਲ ਉਥੇ ਲੱਗੇ ਸੀਸੀਟੀਵੀ ਕੈਮਰੇ ਵੀ ਭੰਨ ਦਿੱਤੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਸਿੱਖ ਲੜਕੀ ਜਗਜੀਤ ਕੌਰ, ਜਿਸ ਦਾ ਧਰਮ ਤਬਦੀਲੀ ਮਗਰੋਂ ਨਾਮ ਆਯਸ਼ਾ ਰੱਖਿਆ ਗਿਆ ਸੀ, ਦੇ ਅਗਵਾ ਅਤੇ ਜਬਰੀ ਧਰਮ ਤਬਦੀਲ ਮਾਮਲੇ ਵਿਚ ਲਾਹੌਰ ਹਾਈ ਕੋਰਟ ’ਚ 9 ਜਨਵਰੀ ਨੂੰ ਸੁਣਵਾਈ ਹੋਣੀ ਹੈ।