ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਵੰਡਣ ਦੀ ਸੇਵਾ ’ਚ ਕਮੀ
ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੰਗਰ ਵਰਤਾਉਣ ਵਾਲਿਆਂ ’ਤੇ ਸਖ਼ਤੀ ਕੀਤੇ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਲੰਗਰ ਵੰਡਣ ਦੀ ਸੇਵਾ ਤੋਂ ਹੱਥ ਪਿੱਛੇ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਹੁਣ ਤਕ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਲਗਪਗ 80 ਗੁਰਦੁਆਰਿਆਂ ’ਚੋਂ ਲੰਗਰ ਤਿਆਰ ਕਰ ਕੇ ਲਗਪਗ ਦੋ ਲੱਖ ਵਿਅਕਤੀਆਂ ਨੂੰ ਰੋਜ਼ਾਨਾ ਲੰਗਰ ਮੁਹੱਈਆ ਕਰ ਰਹੀ ਸੀ।
ਹਾਲ ਹੀ ਵਿਚ ਲੰਗਰ ਵਰਤਾਉਣ ਵਾਲੇ ਇਕ ਵਿਅਕਤੀ ਦੇ ਕਰੋਨਾ ਪੀੜਤ ਹੋਣ ਮਗਰੋਂ ਸਰਕਾਰ ਅਤੇ ਪ੍ਰਸ਼ਾਸਨ ਨੇ ਲੰਗਰ ਵੰਡਣ ਵਾਲਿਆਂ ’ਤੇ ਸਖ਼ਤੀ ਕੀਤੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਵੀ ਲੰਗਰ ਵੰਡਣ ਦੀ ਸੇਵਾ ਵਿਚ ਕੁਝ ਕਟੌਤੀ ਕਰ ਦਿੱਤੀ ਹੈ। ਇਥੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਣ ਕੇ ਵੰਡਿਆ ਜਾਣ ਵਾਲਾ ਲੰਗਰ ਲਗਪਗ ਬੰਦ ਕਰ ਦਿੱਤਾ ਗਿਆ ਹੈ। ਹੁਣ ਇਹ ਸਿਰਫ ਲੰਗਰ ਹਾਲ ਵਿੱਚ ਆਈ ਸੰਗਤ ਜਾਂ ਇੱਥੇ ਪਹੁੰਚਦੇ ਲੋੜਵੰਦਾਂ ਦੇ ਪਰਿਵਾਰਾਂ ਲਈ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਸ਼ਹਿਰ ਵਿੱਚ ਕਈ ਹੋਰ ਥਾਵਾਂ ’ਤੇ ਵੀ ਲੰਗਰ ਵੰਡਣ ਦਾ ਕੰਮ ਰੋਕ ਦਿੱਤਾ ਗਿਆ ਹੈ। ਲੰਗਰ ਵੰਡਣ ਦਾ ਕੰਮ ਰੁਕਣ ਕਾਰਨ ਖਾਸ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਮਰੰਗ ਰੋਡ ’ਤੇ ਝੁੱਗੀਆਂ ਵਿਚ ਰਹਿੰਦੇ ਲਗਪਗ 300 ਵਿਅਕਤੀ ਪਿਛਲੇ ਦੋ ਦਿਨਾਂ ਤੋਂ ਭੁੱਖੇ ਹਨ। ਇਸੇ ਤਰ੍ਹਾਂ ਹੋਰ ਵੀ ਕਈ ਥਾਵਾਂ ’ਤੇ ਪਰਵਾਸੀ ਵਿਅਕਤੀ ਭੁੱਖ ਦਾ ਸ਼ਿਕਾਰ ਹੋ ਰਹੇ ਹਨ।