ਸ਼੍ਰੋਮਣੀ ਕਮੇਟੀ ਸੰਭਾਲੇਗੀ ਮੋਦੀ ਦੇ ਮੰਚ ਦਾ ਪ੍ਰਬੰਧ

ਸ਼੍ਰੋਮਣੀ ਕਮੇਟੀ ਸੰਭਾਲੇਗੀ ਮੋਦੀ ਦੇ ਮੰਚ ਦਾ ਪ੍ਰਬੰਧ

ਪਟਿਆਲਾ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਪੱਸ਼ਟ ਕੀਤਾ ਹੈ ਕਿ ਨੌਂ ਨਵੰਬਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਚ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਗਿਆ ਹੈ। ਉਹ ਅੱਜ ਇੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਜਥੇਬੰਦੀ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ। ਭਾਈ ਲੌਂਗੋਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਮੰਚ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਕਾਇਦਾ ਅਦਬ ਸਹਿਤ ਪ੍ਰਕਾਸ਼ ਹੋਵੇਗਾ। ਗੁਰੂ ਸਾਹਿਬ ਦਾ ਜੱਸ-ਕੀਰਤਨ ਹੋਣ ਮਗਰੋਂ ਅਰਦਾਸ ਉਪਰੰਤ ਹੀ ਪ੍ਰਧਾਨ ਮੰਤਰੀ ਮੋਦੀ ਇਤਿਹਾਸਕ ਲਾਂਘਾ ਖੋਲ੍ਹਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਪਾਸਪੋਰਟ ਦੀ ਸ਼ਰਤ ਹਟਾਉਣ, ਦੋ ਦਿਨ ਵੀਹ ਡਾਲਰ ਫੀਸ ਨਾ ਲੈਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਹਾਲਾਂਕਿ ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਪਾਕਿ ਸਰਕਾਰ ਨੂੰ ਹੁਣ 20 ਡਾਲਰ ਨਿਰਧਾਰਤ ਕੀਤੀ ਵੀਜ਼ਾ ਫੀਸ ਪੱਕੇ ਤੌਰ ’ਤੇ ਵਾਪਸ ਲੈ ਲੈਣੀ ਚਾਹੀਦੀ ਹੈ। ਪਰਮਜੀਤ ਸਿੰਘ ਸਰਨਾ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦੇ ਫ਼ੈਸਲੇ ’ਤੇ ਉਨ੍ਹਾਂ ਕਿਹਾ ਕਿ ਭਾਵੇਂ ਇਹ ਮਾਮਲਾ ਕਿਸੇ ਕਾਨੂੰਨੀ ਅੜਿੱਕੇ ਨਾਲ ਸਬੰਧਤ ਹੈ, ਫਿਰ ਵੀ ਸ਼ਰਧਾਲੂਆਂ ਨੂੰ ਰੋਕਣਾ ਚੰਗੀ ਗੱਲ ਨਹੀਂ ਹੈ। ਲੌਂਗੋਵਾਲ ਨੇ ਗ਼ਿਲਾ ਕੀਤਾ ਕਿ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦੀ ਰੌਸ਼ਨੀ ’ਚ ਪ੍ਰਕਾਸ਼ ਪੁਰਬ ਮੌਕੇ ਸਾਂਝੀ ਸਟੇਜ ਲਾਉਣ ਦੇ ਸਵਾਲ ’ਤੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਕਈ ਵਾਰ ਪਹੁੰਚ ਕੀਤੀ ਪਰ ਸੂਬਾ ਸਰਕਾਰ ਨੇ ਸੰਜੀਦਗੀ ਨਹੀ ਦਿਖਾਈ।
ਇਸੇ ਸਮਾਰੋਹ ਵਿਚ ਪੁੱਜੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਖਰੇ ਤੌਰ ’ਤੇ ਸਪੱਸ਼ਟ ਕੀਤਾ ਕਿ ਸੁਲਤਾਨਪੁਰ ਲੋਧੀ ’ਚ ਗੁਰਦੁਆਰਾ ਬੇਰ ਸਾਹਿਬ ’ਚ ਲੱਗਣ ਵਾਲੀ ਮੁੱਖ ਸਟੇਜ ਸਮੁੱਚੇ ਖ਼ਾਲਸਾ ਪੰਥ ਦੀ ਇੱਕੋ-ਇਕ ਅਤੇ ਸਾਂਝੀ ਸਟੇਜ ਹੋਵੇਗੀ। ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਸੰਭਾਲੇਗੀ। ਉਨ੍ਹਾਂ ਵੀ ਪਾਕਿਸਤਾਨ ਸਰਕਾਰ ਦੇ ਤਾਜ਼ਾ ਐਲਾਨਾਂ ਦੀ ਸ਼ਲਾਘਾ ਕੀਤੀ।

Radio Mirchi