ਸਥਾਪਨਾ ਦਿਵਸ: ਢੀਂਡਸਾ ਪਰਿਵਾਰ ਗਤੀਵਿਧੀਆਂ ’ਚੋਂ ਗ਼ੈਰਹਾਜ਼ਰ

ਸਥਾਪਨਾ ਦਿਵਸ: ਢੀਂਡਸਾ ਪਰਿਵਾਰ ਗਤੀਵਿਧੀਆਂ ’ਚੋਂ ਗ਼ੈਰਹਾਜ਼ਰ

ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਸਬੰਧੀ ਪਾਰਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਰੱਖੇ ਗਏ ਅਖੰਡ ਪਾਠ ਦੇ ਦੂਜੇ ਦਿਨ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਗੁਰੂ ਰਾਮਦਾਸ ਲੰਗਰ ਘਰ ਅਤੇ ਜੋੜਾ ਘਰ ਵਿਚ ਸੇਵਾ ਕੀਤੀ ਪਰ ਇਸ ਸੇਵਾ ਦੌਰਾਨ ਢੀਂਡਸਾ ਪਰਿਵਾਰ ਦਾ ਕੋਈ ਜੀਅ ਖ਼ਾਸ ਕਰਕੇ ਪਰਮਿੰਦਰ ਸਿੰਘ ਢੀਂਡਸਾ ਸ਼ਾਮਲ ਨਹੀਂ ਹੋਏ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਭਲਕੇ 14 ਦਸੰਬਰ ਨੂੰ ਹੋਣ ਵਾਲੇ ਡੈਲੀਗੇਟ ਇਜਲਾਸ ਤੋਂ ਪਹਿਲਾਂ ਅੱਜ ਇੱਥੇ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ ਹੈ, ਜਿਸ ਵਿਚ ਪਾਰਟੀ ਦੇ ‘2022 ਮਿਸ਼ਨ’ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ। ਇਸ ਮਿਸ਼ਨ ਦੀ ਪ੍ਰਾਪਤੀ ਲਈ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪਿੰਡ ਪੱਧਰ ’ਤੇ ਇਕਾਈਆਂ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬਾਰੇ ਪਾਰਟੀ ਦੇ ਬੁਲਾਰੇ ਅਤੇ ਸਕੱਤਰ ਜਨਰਲ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਮੀਟਿੰਗ ਵਿਚ ਪਾਰਟੀ ਦੀ ਪਿਛਲੀ ਕਾਰਗੁਜ਼ਾਰੀ ਅਤੇ ਨਵੀਆਂ ਚੁਣੌਤੀਆਂ ਬਾਰੇ ਚਰਚਾ ਹੋਈ ਹੈ। ਪਾਰਟੀ ਦੇ ਸੰਵਿਧਾਨ ਵਿਚ ਕੀਤੀਆਂ ਜਾਣ ਵਾਲੀਆਂ ਕੁਝ ਆਮ ਸੋਧਾਂ ਨੂੰ ਵਰਕਿੰਗ ਕਮੇਟੀ ਨੇ ਪ੍ਰਵਾਨਗੀ ਦਿੱਤੀ ਹੈ, ਜਿਸ ਨੂੰ ਭਲਕੇ ਡੈਲੀਗੇਟ ਇਜਲਾਸ ਵਿਚ ਰੱਖਿਆ ਜਾਵੇਗਾ ਅਤੇ ਪ੍ਰਵਾਨਗੀ ਲਈ ਜਾਵੇਗੀ। ਪਾਰਟੀ ਦਾ ਸ਼ਤਾਬਦੀ ਸਥਾਪਨਾ ਦਿਵਸ ਮਨਾਉਣ ਵਾਸਤੇ 13 ਮੈਂਬਰੀ ਕਮੇਟੀ ਬਣਾਈ ਗਈ ਹੈ। ਸ਼ਤਾਬਦੀ ਮੌਕੇ ਪਾਰਟੀ ਵੱਲੋਂ ਦੋ ਪੁਸਤਕਾਂ ਜਾਰੀ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ। ਇਕ ਪੁਸਤਕ ਪਾਰਟੀ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਤੇ ਦੂਜੀ ਪੁਸਤਕ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਅਤੇ ਸੰਘਰਸ਼ ਨਾਲ ਸਬੰਧਤ ਹੋਵੇਗੀ। ਪਰਮਿੰਦਰ ਸਿੰਘ ਢੀਂਡਸਾ ਦੀ ਗ਼ੈਰਹਾਜ਼ਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਉਮੀਦ ਪ੍ਰਗਟਾਈ ਕਿ ਉਹ ਭਲਕੇ ਅਖੰਡ ਪਾਠ ਦੇ ਭੋਗ ਅਤੇ ਡੈਲੀਗੇਟ ਇਜਲਾਸ ਵਿਚ ਸ਼ਾਮਲ ਹੋਣਗੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਸ਼ਮੂਲੀਅਤ ਬਾਰੇ ਉਨ੍ਹਾਂ ਕੁਝ ਨਹੀਂ ਕਿਹਾ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਲਾਏ ਜਾ ਰਹੇ ਪਰਿਵਾਰਵਾਦ ਦੇ ਦੋਸ਼ਾਂ ਬਾਰੇ ਉਨ੍ਹਾਂ ਆਖਿਆ ਕਿ ਦੋਸ਼ ਲਾਉਣ ਵਾਲਿਆਂ ਦੇ ਆਪਣੇ ਪਰਿਵਾਰ ਦੇ ਜੀਅ ਵੀ ਸਿਆਸਤ ਵਿਚ ਸ਼ਾਮਲ ਹਨ। ਪਾਰਟੀ ਦੀ ਕਮਾਂਡ ਇਕ ਪਰਿਵਾਰ ਨੂੰ ਸੌਂਪਣ ਦੇ ਦੋਸ਼ਾਂ ਬਾਰੇ ਉਨ੍ਹਾਂ ਆਖਿਆ ਕਿ ਇਹ ਦੋਸ਼ ਲਾਉਣ ਵਾਲੇ ਆਗੂ ਖ਼ੁਦ ਹੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਮਗਰੋਂ ਸੁਖਬੀਰ ਸਿੰਘ ਬਾਦਲ ਦਾ ਨਾਂ ਪਾਰਟੀ ਪ੍ਰਧਾਨ ਲਈ ਪੇਸ਼ ਕਰਦੇ ਰਹੇ ਹਨ।
ਸ੍ਰੀ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਰੱਖੇ ਗਏ ਅਖੰਡ ਪਾਠ ਦੇ ਭੋਗ 14 ਦਸੰਬਰ ਨੂੰ ਪੈਣਗੇ ਅਤੇ ਦੁਪਹਿਰ ਇਕ ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਪਾਰਟੀ ਪ੍ਰਧਾਨ ਦੀ ਚੋਣ ਵਾਸਤੇ ਡੈਲੀਗੇਟ ਇਜਲਾਸ ਹੋਵੇਗਾ। ਇਸ ਵਿਚ ਦੇਸ਼ ਭਰ ਤੋਂ ਲਗਪਗ 600 ਡੈਲੀਗੇਟ ਹਿੱਸਾ ਲੈਣਗੇ। ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਗੋਬਿੰਦ ਸਿੰਘ ਲੌਂਗੋਵਾਲ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ ਆਦਿ ਆਗੂ ਸ਼ਾਮਲ ਸਨ।

Radio Mirchi