ਸਦਨ ’ਚ ਫ਼ਾਰੂਕ ਦੀ ਗੈਰਮੌਜੂਦਗੀ ਦਾ ਮੁੱਦਾ ਗੂੰਜਿਆ

ਸਦਨ ’ਚ ਫ਼ਾਰੂਕ ਦੀ ਗੈਰਮੌਜੂਦਗੀ ਦਾ ਮੁੱਦਾ ਗੂੰਜਿਆ

ਨਵੀਂ ਦਿੱਲੀ-ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਅੱਜ ਲੋਕ ਸਭਾ ਵਿੱਚ ਖਾਸਾ ਰੌਲਾ-ਰੱਪਾ ਪਿਆ। ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਸਦਨ ’ਚੋਂ ਨੈਸ਼ਨਲ ਕਾਨਫਰੰਸ ਆਗੂ ਫਾਰੂਕ ਅਬਦੁੱਲਾ ਦੀ ਗੈਰ-ਮੌਜੂਦਗੀ ਸਮੇਤ ਹੋਰ ਕਈ ਮੁੱਦਿਆਂ ’ਤੇ ਸਰਕਾਰ ਨੂੰ ਘੇਰਿਆ। ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੇ ਵਾਦੀ ਦਾ ਦੌਰਾ ਕਰਨ ਵਾਲੇ ਯੂਰੋਪੀ ਸੰਸਦ ਦੇ ਮੈਂਬਰਾਂ ਨੂੰ ‘ਭਾੜੇ ਦੇ ਟੱਟੂ’ ਦੱਸ ਕੇ ਮੋਦੀ ਸਰਕਾਰ ਨੂੰ ਰੱਜ ਕੇ ਭੰਡਿਆ।
ਚਾਰ ਸੰਸਦ ਮੈਂਬਰਾਂ ਨੂੰ ਹਲਫ਼ ਦਿਵਾਉਣ ਅਤੇ ਪਿਛਲੇ ਕੁਝ ਮਹੀਨਿਆਂ ਦੌਰਾਨ ਫੌਤ ਹੋਏ ਦੋਵਾਂ ਸਦਨਾਂ ਨਾਲ ਸਬੰਧਤ ਮੈਂਬਰਾਂ ਨੂੰ ਸ਼ਰਧਾਂਜਲੀਆਂ ਦੇਣ ਮਗਰੋਂ ਜਿਉਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਵੱਖ ਵੱਖ ਮੁੱਦਿਆਂ ’ਤੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ। ਪ੍ਰਸ਼ਨ ਕਾਲ ਦੌਰਾਨ ਕਾਂਗਰਸ ਨਾਲ ਸਬੰਧਤ 30 ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ ਤੇ ਉਨ੍ਹਾਂ ਵਿਰੋਧੀ ਧਿਰ ਨੂੰ ਫਰਜ਼ੀ ਕੇਸਾਂ ਜ਼ਰੀਏ ਨਿਸ਼ਾਨਾ ਬਣਾਉਣ ਲਈ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਨੇ ਲੋਕ ਸਭਾ ਮੈਂਬਰ ਫ਼ਾਰੂਕ ਅਬਦੁੱਲਾ ਦੀ ਹਿਰਾਸਤ ਨੂੰ ਗੈਰਕਾਨੂੰਨੀ ਦੱਸਿਆ। ਸਦਨ ਵਿੱਚ ਕਾਂਗਰਸ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਰਾਹੁਲ ਗਾਂਧੀ ਸਮੇਤ ਹੋੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਜੰਮੂ ਤੇ ਕਸ਼ਮੀਰ ਦੀ ਫੇਰੀ ਤੋਂ ਡੱਕਣ ਤੇ ਯੂਰੋਪੀ ਸੰਘ ਨਾਲ ਸਬੰਧਤ ਸੰਸਦ ਮੈਂਬਰਾਂ ਨੂੰ ਕਸ਼ਮੀਰ ਵਾਦੀ ਦਾ ਦੌਰਾ ਕਰਵਾਉਣ ਜਿਹੇ ਮੁੱਦਿਆਂ ’ਤੇ ਮੋਦੀ ਸਰਕਾਰ ਨੂੰ ਭੰਡਿਆ। ਚੌਧਰੀ ਨੇ ਕਿਹਾ, ‘ਸਾਡੇ ਆਗੂ ਰਾਹੁਲ ਗਾਂਧੀ ਨੂੰ ਜੰਮੂ ਤੇ ਕਸ਼ਮੀਰ ਜਾਣ ਤੋਂ ਰੋਕਿਆ ਗਿਆ, ਕਈ ਹੋਰਨਾਂ ਸੰਸਦ ਮੈਂਬਰਾਂ ਨੂੰ ਮੋੜਿਆ ਗਿਆ….ਜਦੋਂਕਿ ਯੂਰੋਪ ਤੋਂ ਲਿਆਂਦੇ ‘ਭਾੜੇ ਦੇ ਟੱਟੂਆਂ’ ਨੂੰ ਵਾਦੀ ਲਿਜਾਇਆ ਗਿਆ। ਇਹ ਸਾਰੇ ਸੰਸਦ ਮੈਂਬਰਾਂ ਦੀ ਬੇਇੱਜ਼ਤੀ ਹੈ।’ ਚੌਧਰੀ ਨੇ ਕਿਹਾ ਕਿ (ਫਾਰੂਕ) ਅਬਦੁੱਲਾ ਪਿਛਲੇ 106 ਦਿਨਾਂ ਤੋਂ ਹਿਰਾਸਤ ਵਿੱਚ ਹਨ ਤੇ ਸਰਦ ਰੁੱਤ ਇਜਲਾਸ ਵਿੱਚ ਸ਼ਾਮਲ ਹੋਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਚੌਧਰੀ ਨੇ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲਏ ਜਾਣ ਦਾ ਮੁੱਦਾ ਵੀ ਉਭਾਰਿਆ।

Radio Mirchi