ਸਬਰ ਸਿਦਕ ਨਾਲ ਸੰਘਰਸ਼ ਜਿੱਤਣ ਦਾ ਅਹਿਦ
ਇਥੇ ਸਥਾਨਕ ਅਨਾਜ ਮੰਡੀ ਵਿੱਚ ਕੀਤੀ ਕਿਸਾਨ ਮਜ਼ਦੂਰ ਏਕਤਾ ਮਹਾਰੈਲੀ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਖਿਲਾਫ਼ ਵਿੱਢੀ ਇਸ ਲੜਾਈ ਨੂੰ ਸਾਂਝੀਵਾਲਤਾ, ਸਬਰ ਤੇ ਸਿਦਕ ਨਾਲ ਜਾਰੀ ਰੱਖਦਿਆਂ ਹਰ ਹਾਲ ਜਿੱਤਣਗੇ। ਆਗੂਆਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵੱਲੋਂ ਕੇਸਾਂ ਦੇ ਰੂਪ ਵਿੱਚ ਦਿੱਤੇ ਡਰਾਵਿਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਸੱਦਾ ਦਿੱਤਾ ਕਿ ਕਿਸਾਨੀ ਅੰਦੋਲਨ ਨੂੰ ਹਰ ਵਰਗ ਆਪਣੀ ਹਮਾਇਤ ਦੇਵੇ ਤੇ ਇਕਜੁੱਟਤਾ ਨਾਲ ਇਸ ਲੜਾਈ ਨੂੰ ਅੱਗੇ ਲਿਜਾਦਿਆਂ ਸਫ਼ਲ ਬਣਾਇਆ ਜਾਵੇ। ਆਗੂਆਂ ਨੇ ਕਿਹਾ ਕਿ ਦਿੱਲੀ ਹਿੰਸਾ ਲਈ ਗ੍ਰਿਫ਼ਤਾਰ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਤੇ ਫ਼ਰਜ਼ੀ ਕੇਸ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ‘ਫ਼ਾਸ਼ੀਵਾਦੀ ਤੇ ਫਿਰਕੂ ਸਰਕਾਰ’ ਨੂੰ ਚੁਣੌਤੀ ਦੇਣ ਲਈ ਦੇਸ਼ ਵਿੱਚ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਗਿਆ ਹੈ। ਬੀਕੇਯੂ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵਿਉਂਤੀ ‘ਕਿਸਾਨ ਮਜ਼ਦੂਰ ਏਕਤਾ ਮਹਾਰੈਲੀ’ ਨੂੰ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ ਤੇ ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਚੁੱਲ੍ਹਾ-ਚੌਂਕਾ ਤੇ ਘਰੇਲੂ ਆਹਰ ਛੱਡ ਕੇ ਹੱਥਾਂ ਵਿੱਚ ਕਿਸਾਨੀ ਦਾ ਪਰਚਮ ਲਹਿਰਾਉਂਦਿਆਂ ਰੈਲੀ ’ਚ ਹਾਜ਼ਰੀ ਭਰੀ। ਇਸ ਦੌਰਾਨ ਸਥਾਨਕ ਪੁਲੀਸ ਨੇ ਰੈਲੀ ਵਿੱਚ ਸਵਾ ਤੋਂ ਡੇਢ ਲੱਖ ਲੋਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਮਜ਼ਬੂਤੀ ਦੇਣ ਲਈ ਜਿੱਥੇ ਖੇਤ ਮਜ਼ਦੂਰਾਂ ਸਮੇਤ ਹੋਰਨਾਂ ਤਬਕਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ, ਉਥੇ ਸੰਘਰਸ਼ ਦੇ ਧਰਮ ਨਿਰਲੇਪ ਕਿਰਦਾਰ ਨੂੰ ਹੋਰ ਮਜ਼ਬੂਤ ਕਰਨ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਇਸ ਦੀ ਰਾਖੀ ਕਰਨੀ ਵੀ ਜ਼ਰੂਰੀ ਹੈ| 26 ਜਨਵਰੀ ਦੀਆਂ ਘਟਨਾਵਾਂ ਬਾਰੇ ਟਿੱਪਣੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਸੰਘਰਸ਼ ਵਿੱਚ ਸ਼ਾਮਲ ਬਾਹਰੀ ਸ਼ਕਤੀਆਂ ਰਾਹੀਂ ਮੋਦੀ ਹਕੂਮਤ ਨੇ ਇਸ ’ਤੇ ਵਿਸ਼ੇਸ਼ ਫ਼ਿਰਕੇ ਦਾ ਲੇਬਲ ਲਾਉਣ ਦਾ ਯਤਨ ਕੀਤਾ ਸੀ। ਇਹੀ ਨਹੀਂ ਕਿਸਾਨ ਅੰਦੋਲਨ ਨੂੰ ਫਿਰਕੂ ਰਾਸ਼ਟਰਵਾਦ ਦੇ ਹਮਲੇ ਹੇਠ ਲਿਆਉਣ ਦਾ ਵੀ ਯਤਨ ਕੀਤਾ, ਜਿਸ ਨੂੰ ਕਿਸਾਨਾਂ ਨੇ ਆਪਣੇ ਏਕੇ ਨਾਲ ਪਛਾੜ ਦਿੱਤਾ ਹੈ| ਉਗਰਾਹਾਂ ਨੇ ਮੰਗ ਕੀਤੀ ਕਿ ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਤੇ ਝੂਠੇ ਕੇਸ ਰੱਦ ਕੀਤੇ ਜਾਣ| ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਸ਼ਹੀਦ ਹੋਏ (ਉੱਤਰਾਖੰਡ ਦੇ) ਨੌਜਵਾਨ ਨਵਰੀਤ ਸਿੰਘ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ।
ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਤਿੰਨੋਂ ਨਵੇਂ ਖੇਤੀ ਕਾਨੂੰਨ ਖੇਤ ਮਜ਼ਦੂਰਾਂ ਦੇ ਗੁਜ਼ਾਰੇ ਤੇ ਰੁਜ਼ਗਾਰ ਉੱਪਰ ਵੱਡੀ ਸੱਟ ਸਾਬਤ ਹੋਣਗੇ| ਉਨ੍ਹਾਂ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਵਾਲਾ ਇਹ ਹੱਲਾ, ਮੁਲਕ ਦੀ ਅੰਨ ਸੁਰੱਖਿਆ ’ਤੇ ਕੀਤੇ ਵੱਡੇ ਸਾਮਰਾਜੀ ਹੱਲੇ ਦਾ ਹਿੱਸਾ ਹੈ| ਇਸ ਹਮਲੇ ਖਿਲਾਫ਼ ਵਿੱਢੀ ਚੇਤਨਾ ਮੁਹਿੰਮ ਨੂੰ ਖੇਤ ਮਜ਼ਦੂਰਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ ਤੇ ਖੇਤ ਮਜ਼ਦੂਰ ਇਸ ਸੰਘਰਸ਼ ਦਾ ਹੋਰ ਵੀ ਉੱਭਰਵਾਂ ਅੰਗ ਬਣ ਕੇ ਨਿੱਤਰਨਗੇ|