ਸਰਕਾਰ ਕਰ ਸਕਦੀ ਹੈ ਇਕ ਹੋਰ ਵਿੱਤੀ ਪੈਕੇਜ ਦਾ ਐਲਾਨ, ਦੀਵਾਲੀ ਤੱਕ ਅਰਥਵਿਵਸਥਾ ’ਚ ਰਿਕਵਰੀ ਦਾ ਮਕਸਦ
ਨਵੀਂ ਦਿੱਲੀ - ਕੇਂਦਰ ਸਰਕਾਰ ਫੈਸਟਿਵ ਸੀਜ਼ਨ ’ਚ ਖਪਤਕਾਰਾਂ ਦੇ ਹੱਥ ’ਚ ਪੈਸਾ ਪਹੁੰਚਾਉਣ ਲਈ ਇਕ ਹੋਰ ਵਿੱਤੀ ਪੈਕੇਜ ਦਾ ਐਲਾਨ ਕਰ ਸਕਦੀ ਹੈ। ਇਸ ਪੈਕੇਜ ਦਾ ਐਲਾਨ ਨਰਾਤਿਆਂ ਦੇ ਆਲੇ-ਦੁਆਲੇ ਹੋ ਸਕਦਾ ਹੈ। ਨਰਾਤਿਆਂ ਨੂੰ ਦੇਸ਼ ਦਾ ਸਭ ਤੋਂ ਵੱਡਾ ਖਰੀਦਦਾਰੀ ਸੀਜ਼ਨ ਮੰਨਿਆ ਜਾਂਦਾ ਹੈ। ਇਸ ਪੈਕੇਜ ਦਾ ਮਕਸਦ ਦੀਵਾਲੀ ਤੱਕ ਅਰਥਵਿਵਸਥਾ ’ਚ ਰਿਕਵਰੀ ਲਿਆਉਣਾ ਹੈ। ਇਸ ਪੈਕੇਜ ਜ਼ਰੀਏ ਕਮਾਈ ਘੱਟ ਹੋਣ ਦੀ ਮਾਰ ਝੱਲ ਰਹੇ ਨੌਕਰੀ-ਪੇਸ਼ਾ, ਪ੍ਰਵਾਸੀ ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਹੱਥ ’ਚ ਪੈਸਾ ਦਿੱਤਾ ਜਾਵੇਗਾ। ਇਸ ਨਾਲ ਕੰਪਨੀਆਂ ਦੀ ਮੰਗ ਵਧੇਗੀ। ਕਈ ਐਕਸਪਰਟਸ ਨੇ ਇਹ ਉਮੀਦ ਜਤਾਈ ਹੈ।
ਕੇਂਦਰ ਸਰਕਾਰ ਇਸ ਤੋਂ ਪਹਿਲਾਂ ਵੀ ਦੀਵਾਲੀ ਦੇ ਆਲੇ-ਦੁਆਲੇ ਵਿੱਤੀ ਪੈਕੇਜ ਦਿੰਦੀ ਰਹੀ ਹੈ। ਅਕਤੂਬਰ 2017 ’ਚ ਦੀਵਾਲੀ ਤੋਂ ਠੀਕ ਪਹਿਲਾਂ ਸਰਕਾਰ ਨੇ 27 ਉਤਪਾਦਾਂ ’ਤੇ ਜੀ. ਐੱਸ. ਟੀ. ਦੀਆਂ ਦਰਾਂ ’ਚ ਕਟੌਤੀ ਕੀਤੀ ਸੀ। ਇਸ ’ਚ ਪੂਰਨ ਖਪਤਕਾਰ ਉਤਪਾਦ ਸਨ। ਇਸ ਤੋਂ ਇਲਾਵਾ ਹੋਰ ਇਨਸੈਂਟਿਵ ਦਾ ਵੀ ਐਲਾਨ ਕੀਤਾ ਗਿਆ ਸੀ। ਪਿਛਲੇ ਸਾਲ ਸਤੰਬਰ ’ਚ ਫੈਸਟਿਵ ਸੀਜ਼ਨ ਦੇ ਆਲੇ-ਦੁਆਲੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਾਰਪੋਰੇਟ ਟੈਕਸ ਦੀਆਂ ਦਰਾਂ ’ਚ ਕਟੌਤੀ ਕੀਤੀ ਸੀ। ਇਸ ਨਾਲ ਕਾਰਪੋਰੇਟ ਨੂੰ ਕਰੀਬ 1.45 ਲੱਖ ਕਰੋਡ਼ ਰੁਪਏ ਦਾ ਲਾਭ ਹੋਇਆ ਸੀ। ਇਹ ਐਲਾਨ ਵੀ ਦੀਵਾਲੀ ਤੋਂ ਪਹਿਲਾਂ ਹੋਇਆ ਸੀ।